ਕੋਰੋਨਾਵਾਇਰਸ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕਰਵਾਇਆ ਸਰਹੱਦ ਦਾ ਅਹਿਸਾਸ

939
Share

ਡੱਬਵਾਲੀ/ਲੰਬੀ, 10 ਮਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਦੀ ਵੰਡ ਦੇ 54 ਸਾਲਾਂ ਬਾਅਦ ਕਰੋਨਾ ਮਹਾਮਾਰੀ ਨੇ ਸਰਹੱਦੀ ਸ਼ਹਿਰ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਦੇ ਲੋਕਾਂ ਨੂੰ ਸਰਹੱਦ ਦਾ ਅਹਿਸਾਸ ਕਰਵਾ ਦਿੱਤਾ ਹੈ। ਮੰਡੀ ਕਿੱਲਿਆਂਵਾਲੀ ਵਾਸੀ ਇੱਕ ਏ.ਐੱਸ.ਆਈ. ਅਤੇ ਚੰਨੂ ‘ਚ ਪੰਜ ਕਰੋਨਾ ਪਾਜ਼ੀਟਿਵ ਕੇਸ ਆਉਣ ‘ਤੇ ਹਰਿਆਣਾ ਨੇ ਮੰਡੀ ਕਿੱਲਿਆਂਵਾਲੀ ਨਾਲ ਡੱਬਵਾਲੀ ਦੇ ਜੁੜਦੇ ਸਮੁੱਚੇ ਰਸਤਿਆਂ ‘ਤੇ ਪੱਕੀ ਵਾੜ ਲਾ ਕੇ ਹੱਦਬੰਦੀ ਕਰ ਦਿੱਤੀ ਹੈ। ਦੋਵੇਂ ਪਾਸਿਆਂ ‘ਚ ਅੰਦਰੂਨੀ ਆਵਾਜਾਈ ਅਤੇ ਸੜਕੀ ਤਾਲਮੇਲ ਬੰਦ ਹੋ ਗਿਆ ਹੈ। ਨੈਸ਼ਨਲ ਹਾਈਵੇਅ-9 ‘ਤੇ ਇੰਟਰਸਟੇਟ ਆਰ.ਓ.ਬੀ. ਹੀ ਆਪਸੀ ਆਵਾਜਾਈ ਦਾ ਜ਼ਰੀਆ ਹੈ, ਜਿੱਥੋਂ ਬਾਰੀਕੀ ਨਾਲ ਪੁੱਛ-ਗਿੱਛ ਉਪਰੰਤ ਲਾਂਘੇ ਦੀ ਇਜਾਜ਼ਤ ਮਿਲਦੀ ਹੈ। ਇਸ ਨਾਲ ਦੋਵੇਂ ਪਾਸਿਆਂ ਦੇ ਲੋਕ ਵਾੜ ਦੇ ਆਰ-ਪਾਰ ਹਿੰਦ-ਪਾਕਿ ਸਰਹੱਦ ਵਾਂਗ ਤੱਕਣ ਤੱਕ ਸੀਮਤ ਹੋ ਗਏ ਹਨ। ਡੱਬਵਾਲੀ ਦੀ ਸਬਜ਼ੀ ਮੰਡੀ ਵਿਚ ਲੰਬੀ ਹਲਕੇ ਤੋਂ ਰੋਜ਼ਾਨਾ ਵੱਡੀ ਗਿਣਤੀ ਲੋਕ ਸਬਜ਼ੀ ਖਰੀਦਣ ਅਤੇ ਵੇਚਣ ਆਉਂਦੇ ਹਨ। ਇਸ ਕਰ ਕੇ ਡੱਬਵਾਲੀ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ। ਹਰਿਆਣਾ ਪ੍ਰਸ਼ਾਸਨ ਨੇ ਆਰ.ਓ.ਬੀ. ਦੇ ਦੋਵੇਂ ਪਾਸਿਉਂ ਸਰਵਿਸ ਲੇਨ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਦਾ ਡੱਬਵਾਲੀ ਵਿਚ ਦਾਖ਼ਲਾ ਈ-ਪਾਸ ਜਾਂ ਸਥਾਨਕ ਵਾਸੀ ਹੋਣ ਦੀ ਸੂਰਤ ਵਿਚ ਹੀ ਹੋ ਸਕਦਾ ਹੈ।


Share