ਕੋਰੋਨਾਵਾਇਰਸ ਨੇ ਕਤਰ ‘ਚ ਦਿੱਤੀ ਦਸਤਕ

679
Share

ਦੋਹਾ , 29 ਫਰਵਰੀ (ਪੰਜਾਬ ਮੇਲ)- ਦੁਨੀਆ ਭਰ ਦੇ ਤਕਰੀਬਨ 50 ਦੇਸ਼ਾਂ ਵਿਚ ਦਹਿਸ਼ਤ ਫੈਲਾਉਣ ਤੋਂ ਬਾਅਦ ਕੋਰੋਨਾਵਾਇਰਸ ਨੇ ਕਤਰ ਵਿਚ ਦਸਤਕ ਦੇ ਦਿੱਤੀ ਹੈ। ਕਤਰ ਦੇ ਅਧਿਕਾਰੀਆਂ ਨੇ ਆਪਣੇ ਦੇਸ਼ ਵਿਚ ਪਹਿਲੇ ਮਰੀਜ਼ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਈਰਾਨ ਤੋਂ ਦੋਹਾ ਲਿਜਾਂਦੀ ਗਈ ਇਕ 36 ਸਾਲਾ ਔਰਤ ਦਾ ਟੈਸਟ ਪਾਜ਼ੀਟਿਪ ਮਿਲਿਆ ਹੈ।
ਕਤਰ ਨੇ ਵੀਰਵਾਰ ਨੂੰ ਇਰਾਨ ਤੋਂ ਆਪਣੇ ਬਹੁਤ ਸਾਰੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ, ਜਿਥੇ ਚੀਨ ਤੋਂ ਬਾਅਦ ਸਭ ਤੋਂ ਵਧੇਰੇ ਕੋਰੋਨਾਵਾਇਰਸ ਕਾਰਨ ਮੌਤਾਂ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਈਰਾਨ ਤੋਂ ਵਾਪਸ ਲਿਆਂਦੇ ਗਏ ਸਾਰੇ ਨਾਗਰਿਕਾਂ ਨੂੰ 14 ਦਿਨਾਂ ਤੱਕ ਆਮ ਨਾਗਰਿਕਾਂ ਤੋਂ ਵੱਖਰਾ ਰੱਖਿਆ ਜਾ ਰਿਹਾ ਹੈ। ਸਿਹਤ ਮੰਤਰਾਲਾ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਨਫੈਕਟਡ ਮਰੀਜ਼ ਨੂੰ ਹਸਪਤਾਲ ਦੇ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ।
ਸਿਹਤ ਮੰਤਰਾਲੇ ਨੇ ਕਤਰ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕਈ ਦੇਸ਼ਾਂ ਵਿਚ ਵਾਇਰਸ ਦੇ ਫੈਲਣ ਕਾਰਨ ਦੇਸ਼ ਵਿਚ ਆਉਣ ਵਾਲੇ ਨਾਗਰਿਕਾਂ ਦੀ ਜਾਂਚ ਲਾਜ਼ਮੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਸ਼ਨੀਵਾਰ ਨੂੰ ਨਾਵਲ ਕੋਰੋਨਾਵਾਇਰਸ ਕਾਰਨ 9 ਨਵੀਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ ਤੇ 593 ਲੋਕ ਇਸ ਨਾਲ ਇਨਫੈਕਟਡ ਦੱਸੇ ਜਾ ਰਹੇ ਹਨ।


Share