ਕੋਰੋਨਾਵਾਇਰਸ: ਨੇਪਾਲ ਵੱਲੋਂ ਉਡਾਣਾਂ ‘ਤੇ ਪਾਬੰਦੀ ਦੀ ਮਿਆਦ 15 ਮਈ ਤੱਕ ਵਧਾਉਣ ਦਾ ਫੈਸਲਾ

760

ਕਾਠਮੰਡੂ, 26 ਅਪ੍ਰੈਲ (ਪੰਜਾਬ ਮੇਲ)- ਨੇਪਾਲ ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਸਾਰ ਦੇ ਖਿਲਾਫ ਅਹਿਤਿਆਤ ਦੇ ਤੌਰ ‘ਤੇ ਸਾਰੀਆਂ ਘਰੇਲੂ ਤੇ ਅੰਤਰਰਾਸ਼ਟਰੀ ਰੱਦ ਉਡਾਣਾਂ ਦੀ ਮਿਆਦ ਨੂੰ 15 ਮਈ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਅਜੇ ਇਕ ਵੀ ਮੌਤ ਨਹੀਂ ਹੋਈ ਹੈ ਜਦਕਿ ਇਨਫੈਕਟਡ ਲੋਕਾਂ ਦੀ ਗਿਣਤੀ 49 ਹੈ।
ਹਿਮਾਲਿਅਨ ਟਾਈਮਸ ਨੇ ਦੱਸਿਆ ਕਿ ਉਡਾਣਾਂ ‘ਤੇ ਲੱਗੀ ਪਾਬੰਦੀ ਅੱਗੇ ਵਧਾਏ ਜਾਣ ਦਾ ਐਲਾਨ ਸ਼ਨੀਵਾਰ ਨੂੰ ਕੋਵਿਡ-19 ਦੀ ਰੋਕਥਾਨ ਤੇ ਕੰਟਰੋਲ ਦੇ ਲਈ ਉੱਚ-ਪੱਧਰੀ ਤਾਲਮੇਲ ਕਮੇਟੀ ਵਲੋਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਮੇਟੀ ਨੇ 30 ਅਪ੍ਰੈਲ ਤੱਕ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਟਾਲਣ ਦਾ ਫੈਸਲਾ ਲਿਆ ਸੀ। ਕਮੇਟੀ ਦੇ ਮੈਂਬਰ ਸਕੱਤਰ ਨਾਰਾਇਣ ਪ੍ਰਸਾਦ ਬਿਦਾਰੀ ਨੇ ਦੱਸਿਆ ਕਿ ਐਤਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਤੈਅ ਕੀਤਾ ਜਾਵੇਗਾ ਕਿ ਲਾਕਡਾਊਨ ਦਾ ਵਿਸਥਾਰ ਕੀਤਾ ਜਾਵੇਗਾ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਕਮੇਟੀ ਦਾ ਮੰਨਣਾ ਹੈ ਕਿ ਲਾਕਡਾਊਨ ਮੋਟੇ ਤੌਰ ‘ਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਮਰਥ ਹੈ। ਪ੍ਰਸਾਦ ਨੇ ਕਿਹਾ ਕਿ ਸਰਕਾਰ ਟ੍ਰੇਸਿੰਗ, ਟ੍ਰੈਕਿੰਗ ਤੇ ਇਲਾਜ ਨੂੰ ਹੋਰ ਵਧੇਰੇ ਪ੍ਰਭਾਵੀ ਢੰਗ ਨਾਲ ਕਰੇਗੀ।
ਸੈਲਾਨੀ ਤੇ ਸਿਵਲ ਐਵੀਏਸ਼ਨ ਮੰਤਰੀ ਯੋਗੇਸ਼ ਭੱਟਾਰਾਈ ਨੇ ਦੱਸਿਆ ਕਿ ਕਮੇਟੀ ਨੇ ਕੋਵਿਡ-19 ਇਨਫੈਕਸ਼ਨ ਦੇ ਜੋਖਿਮ ਦੀ ਸਮੀਖਿਆ ਕੀਤੀ ਹੈ ਤੇ ਸਿੱਟਾ ਕੱਢਿਆ ਹੈ ਕਿ ਜੋਖਿਮ ਅਜੇ ਘੱਟ ਨਹੀਂ ਹੋਇਆ ਹੈ ਤੇ ਇਸ ਲਈ ਲਾਕਡਾਊਨ ਨੂੰ ਤੁਰੰਤ ਨਹੀਂ ਹਟਾਇਆ ਜਾਣਾ ਚਾਹੀਦਾ। ਦੱਸ ਦਈਏ ਕਿ ਨੇਪਾਲ ਵਿਚ ਕੋਰੋਨਾ ਵਾਇਰਸ ਦੇ ਅਜੇ ਤੱਕ ਵਧੇਰੇ ਮਾਮਲੇ ਸਾਹਮਣੇ ਨਹੀਂ ਆਏ ਹਨ। ਦੇਸ਼ ਵਿਚ 24 ਮਾਰਚ ਤੋਂ ਲਾਕਡਾਊਨ ਜਾਰੀ ਹੈ। ਅਜੇ ਤੱਕ ਨੇਪਾਲ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ।