ਕੋਰੋਨਾਵਾਇਰਸ: ਨਿਰਣਾਇਕ ਕਦਮ ਨਾ ਚੁੱਕੇ ਗਏ, ਤਾਂ ਕਰਨਾ ਪਵੇਗਾ ਆਧੁਨਿਕ ਇਤਿਹਾਸ ਦੀ ਸਭ ਤੋਂ ਭਿਆਨਕ ਸਰਦੀ ਦਾ ਸਾਹਮਣਾ

877
Novel coronavirus concept. Professional doctor or lab technician testing vibe of novel (new) corona virus in lab, identified in Wuhan, Hubei Province, China, medical and healthcare.
Share

ਵਾਸ਼ਿੰਗਟਨ, 14 ਮਈ (ਪੰਜਾਬ ਮੇਲ)-ਜੇਕਰ ਕੋਰੋਨਾਵਾਇਰਸ ਨੂੰ ਫਿਰ ਤੋਂ ਜ਼ੋਰ ਫੜਣ ਤੋਂ ਰੋਕਣ ਲਈ ਨਿਰਣਾਇਕ ਕਦਮ ਨਹੀਂ ਚੁੱਕੇ ਗਏ ਤਾਂ ਦੇਸ਼ ਨੂੰ ਆਧੁਨਿਕ ਇਤਿਹਾਸ ਦੀ ਸਭ ਤੋਂ ਭਿਆਨਕ ਠੰਡ (ਸਰਦੀ) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਦਾਅਵਾ ਅਮਰੀਕਾ ‘ਚ ਇਕ ਸਰਕਾਰੀ ਵ੍ਹੀਸਲਬਲੋਅਰ ਵੱਲੋਂ ਕੀਤਾ ਗਿਆ ਹੈ। ਗਲੋਬਲ ਮਹਾਮਾਰੀ ਨੂੰ ਲੈ ਕੇ ਤਿਆਰੀ ਦੇ ਸਬੰਧ ਵਿਚ ਟਰੰਪ ਪ੍ਰਸ਼ਾਸਨ ਨੂੰ ਸੁਚੇਤ ਕਰਨ ਦੇ ਕਾਰਨ ਦੰਡਿਤ ਕੀਤੇ ਜਾਣ ਦਾ ਦੋਸ਼ ਲਗਾਉਣ ਵਾਲੇ ਅਮਰੀਕਾ ਦੇ ਸਾਇੰਸਦਾਨ ਡਾ. ਰਿਕ ਬ੍ਰਾਇਟ ਨੇ ਸਦਨ ਦੀ ਊਰਜਾ ਅਤੇ ਵਣਜ ਕਮੇਟੀ ਸਾਹਮਣੇ ਵੀਰਵਾਰ ਨੂੰ ਆਪਣੀ ਪੇਸ਼ੀ ਲਈ ਤਿਆਰ ਕੀਤੀ ਗਈ ਆਪਣੀ ਗਵਾਹੀ ਵਿਚ ਇਹ ਭਵਿੱਖਬਾਣੀ ਕੀਤੀ ਹੈ।
ਸਰਕਾਰੀ ਵ੍ਹੀਸਲਬਲੋਅਰ ਨੂੰ ਕੋਵਿਡ-19 ਇਲਾਜ ਲਈ ਇਕ ਅਪ੍ਰਮਾਣਿਤ ਦਵਾਈ ਦੇ ਵਿਆਪਕ ਇਸਤੇਮਾਲ ਖਿਲਾਫ ਬੋਲਣ ‘ਤੇ ਦੰਡਿਤ ਕੀਤੇ ਜਾਣ ਦੇ ਬਾਰੇ ਵਿਚ ਫੈਡਰਲ ਜਾਂਚ ਅਧਿਕਾਰੀਆਂ ਨੇ ਉਚਿਤ ਆਧਾਰ ਪਾਏ ਹਨ। ਇਸ ਦਵਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਦਾ ਹੱਲ ਕਰਾਰ ਦਿੱਤਾ ਸੀ। ਡਾ. ਰਿਕ ਬ੍ਰਾਇਟ ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ ਦੇ ਪ੍ਰਮੁੱਖ ਸਨ ਜੋ ਵਾਇਰਸ ਰੋਗਾਂ ਅਤੇ ਜੈਵ ਅੱਤਵਾਦ ਜਿਹੇ ਮੁੱਦਿਆਂ ਨੂੰ ਦੇਖਦੇ ਹਨ। ਉਨ੍ਹਾਂ ਦਾ ਪਿਛਲੇ ਮਹੀਨੇ ਬਿਨਾਂ ਚਿਤਾਵਨੀ ਦੇ ਤਬਾਦਲਾ ਕਰ ਦਿੱਤਾ ਗਿਆ ਸੀ।
ਕਮੇਟੀ ਦੀ ਵੈੱਬਸਾਈਟ ‘ਤੇ ਪੋਸਟ ਕੀਤੀ ਗਈ ਗਵਾਹੀ ਵਿਚ ਬ੍ਰਾਇਟ ਨੇ ਕਿਹਾ ਕਿ ਮੌਕੇ ਸੀਮਤ ਹੁੰਦੇ ਜਾ ਰਹੇ ਹਨ ਜੇਕਰ ਅਸੀਂ ਵਿਗਿਆਨ ਆਧਾਰਿਤ ਇਕ ਕੌਮੀ ਤਾਲਮੇਲ ਦੀ ਪ੍ਰਕਿਰਿਆ ਨੂੰ ਵਿਕਸਤ ਕਰਨ ਵਿਚ ਨਾਕਾਮ ਰਹਿੰਦੇ ਹਾਂ ਤਾਂ ਮੈਨੂੰ ਸ਼ੱਕ ਹੈ ਕਿ ਇਹ ਗਲੋਬਲ ਮਹਾਮਾਰੀ ਹੋਰ ਬਦਤਰ ਹੋ ਜਾਵੇਗੀ ਅਤੇ ਦੇਰ ਤੱਕ ਰਹੇਗੀ, ਜਿਸ ਨਾਲ ਵੱਡੀ ਗਿਣਤੀ ਵਿਚ ਲੋਕ ਬੀਮਾਰ ਹੋਣਗੇ ਅਤੇ ਮਾਰੇ ਜਾਣਗੇ।
ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਅਮਰੀਕਾ ਵਿਚ 83,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ ਵਿਚ 43 ਲੱਖ ਲੋਕ ਇਸ ਤੋਂ ਪ੍ਰਭਾਵਿਤ ਹਨ ਅਤੇ ਕਰੀਬ 2.95 ਲੱਖ ਮਾਰੇ ਜਾ ਚੁੱਕੇ ਹਨ। ਅਮਰੀਕੀ ਸਰਕਾਰ ਵਿਚ ਕੋਰੋਨਾਵਾਇਰਸ ਦੇ ਮਾਹਿਰ ਡਾ. ਐਂਥਨੀ ਫਾਓਚੀ ਨੇ ਵੀ ਮੰਗਲਵਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਸੀ ਕਿ ਜੇਕਰ ਸ਼ਹਿਰ ਅਤੇ ਰਾਜ ਘਰਾਂ ਵਿਚ ਰਹਿਣ ਦੇ ਆਦੇਸ਼ ਤੇਜ਼ੀ ਨਾਲ ਵਾਪਸ ਲੈਂਦੇ ਹਨ ਤਾਂ ਉਥੇ ਸਥਿਤੀ ਬਦਲ ਸਕਦੀ ਹੈ ਅਤੇ ਕੋਵਿਡ-19 ਨਾਲ ਜ਼ਿਆਦਾ ਲੋਕਾਂ ਦੀ ਮੌਤ ਅਤੇ ਆਰਥਿਕ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ।


Share