ਕੋਰੋਨਾਵਾਇਰਸ: ਨਿਊਯਾਰਕ ‘ਚ 2 ਪਾਲਤੂ ਬਿੱਲੀਆਂ ਵੀ ਕੋਰੋਨਾਵਾਇਰਸ ਇਨਫੈਕਟਿਡ

1307
Share

-ਅਮਰੀਕਾ ‘ਚ 24 ਘੰਟੇ ‘ਚ 1738 ਮੌਤਾਂ
ਵਾਸ਼ਿੰਗਟਨ, 23 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਨਿਊਯਾਰਕ ‘ਚ 2 ਪਾਲਤੂ ਬਿੱਲੀਆਂ ਵੀ ਕੋਰੋਨਾਵਾਇਰਸ ਇਨਫੈਕਟਿਡ ਪਾਈਆਂ ਗਈਆਂ ਹਨ। ਇਹ ਅਮਰੀਕਾ ‘ਚ ਪਾਲਤੂ ਪਸ਼ੂਆਂ ਦੇ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ ਹੈ। ਅਮਰੀਕਾ ਦੇ ਖੇਤੀ ਵਿਭਾਗ ਅਤੇ ਫੈਡਰਲ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਦੱਸਿਆ ਕਿ ਬਿੱਲੀਆਂ ਨੂੰ ਸਾਹ ਲੈਣ ਵਿਚ ਹਲਕੀ ਪਰੇਸ਼ਾਨੀ ਦੇਖੀ ਗਈ ਸੀ। ਉਨ੍ਹਾਂ ਦੇ ਬੀਮਾਰੀ ਤੋਂ ਜਲਦੀ ਉਭਰਨ ਦੀ ਆਸ ਹੈ। ਬਿੱਲੀਆਂ ਜਿਸ ਘਰ ਵਿਚ ਹਨ ਉਸ ਪਰਿਵਾਰ ਦੇ ਲੋਕਾਂ ਜਾਂ ਗੁਆਂਢੀਆਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ ਹੈ।
ਦੁਨੀਆ ਭਰ ‘ਚ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਬੀਤੇ 24 ਘੰਟਿਆਂ ‘ਚ 1738 ਲੋਕਾਂ ਦੀ ਮੌਤ ਹੋਈ ਹੈ, ਜੋ ਮੰਗਲਵਾਰ ਦੀ ਤੁਲਨਾ ਵਿਚ ਕਾਫੀ ਘੱਟ ਹੈ। ਇਹ ਜਾਣਕਾਰੀ ਹਾਪਕਿਨਜ਼ ਯੂਨੀਵਰਸਿਟੀ ਨੇ ਦਿੱਤੀ ਹੈ। ਇੱਥੇ ਦੱਸ ਦਈਏ ਕਿ ਇਕ ਦਿਨ ਪਹਿਲਾਂ ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਮੌਤ ਦਾ ਅੰਕੜਾ 2700 ਪਾਰ ਕਰ ਗਿਆ ਸੀ। ਅਮਰੀਕਾ ‘ਚ ਕੁੱਲ ਮ੍ਰਿਤਕਾਂ ਦੀ ਗਿਣਤੀ 47 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 8 ਲੱਖ 42 ਹਜ਼ਾਰ ਤੋਂ ਵਧੇਰੋ ਲੋਕ ਇਨਫੈਕਟਿਡ ਹਨ।ਜਾਣਕਾਰੀ ਮੁਤਾਬਕ ਸਪੇਨ ਵਿਚ 208389 ਮਾਮਲੇ ਸਾਹਮਣੇ ਆਏ ਹਨ। ਫਰਾਂਸ, ਜਰਮੀ ਅਤੇ ਬ੍ਰਿਟੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਪਾਰ ਪਹੁੰਚ ਗਈ ਹੈ।
ਇਸ ਵਾਇਰਸ ਨਾਲ ਹੁਣ ਤੱਕ 1 ਲੱਖ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 26 ਲੱਖ 37 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ 7 ਲੱਖ ਲੋਕ ਠੀਕ ਵੀ ਹੋਏ ਹਨ।


Share