186 ਦੇਸ਼ਾਂ ’ਚ ਫੈਲਿਆ ਵਾਇਰਸ
ਨਵੀਂ ਦਿੱਲੀ, 23 ਮਾਰਚ (ਪੰਜਾਬ ਮੇਲ) – ਪੂਰੀ ਦੁਨੀਆ ’ਚ ਕੋਰੋਨਾਵਾਇਰਸ ਕਾਰਨ ਦਹਿਸ਼ਤ ਵਧਦੀ ਜਾ ਰਹੀ ਹੈ। ਵਾਇਰਸ ਨਾਲ ਇਸ ਸਮੇਂ ਦੁਨੀਆ ਭਰ ’ਚ ਮੌਤਾਂ ਦਾ ਅੰਕੜਾ 15000 ਦੇ ਕਰੀਬ ਪਹੁੰਚ ਗਿਆ ਹੈ ਜਦਕਿ 337,570 ਲੋਕ ਚਪੇਟ ’ਚ ਆ ਚੁੱਕੇ ਹਨ। 186 ਦੇਸ਼ਾਂ ’ਚ ਫੈਲੇ ਇਸ ਵਾਇਰਸ ਨਾਲ 14,655 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨਾਲ ਨਜਿੱਠਣ ਲਈ ਹਰ ਦੇਸ਼ ਆਪਣੀ ਤਾਕਤ ਲਗਾ ਰਿਹਾ ਹੈ। ਇਟਲੀ, ਸਪੇਨ ਅਤੇ ਅਮਰੀਕਾ ’ਚ ਕੋਰੋਨਾਵਾਇਰਸ ਦਾ ਕਹਿਰ ਜ਼ਿਆਦਾ ਹੈ ਅਤੇ ਐਤਵਾਰ ਨੂੰ ਵੀ ਇਥੇ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਅੱਗੇ ਵਧਦਾ ਰਿਹਾ। ਇਟਲੀ ’ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 5500 ਪਹੁੰਚ ਗਈ। ਇਹ ਚੀਨ ਤੋਂ ਵੀ ਜ਼ਿਆਦਾ ਹੈ ਜਿਥੋਂ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ। ਇਟਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਪ੍ਰਧਾਨ ਐਂਜੇਲੀ ਬੋਰੇਲੀ ਨੇ ਕਿਹਾ ਹੈ ਕਿ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਪਹਿਲਾਂ ਨਾਲੋਂ ਘੱਟ ਹੋਇਆ ਹੈ। ਉਮੀਦ ਹੈ ਇਹ ਅੱਗੇ ਜਾਰੀ ਰਹੇਗਾ ਪਰ ਫਿਰ ਵੀ ਇਹ ਢਿੱਲਾ ਪੈਣ ਦਾ ਸਮਾਂ ਨਹੀਂ ਹੈ।
ਅਮਰੀਕਾ ’ਚ 30,000 ਪਾਜ਼ੀਟਿਵ ਮਾਮਲੇ
ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਹੈ ਕਿ ਅਮਰੀਕਾ ’ਚ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਲ 250000 ਅਮਰੀਕੀ ਨਾਗਰਿਕਾਂ ਦਾ ਕੋਰੋਨਾਵਾਇਰਸ ਦਾ ਟੈਸਟ ਕਰਵਾਇਆ ਸੀ ਜਿਨ੍ਹਾਂ ’ਚੋਂ 30,000 ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪੇਂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੀਡੀਆ ਗੱਲਬਾਤ ਦੌਰਾਨ ਕਿਹਾ ਕਿ ਹਰ ਦਿਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਹੁਣ ਤਕ 254000 ਲੋਕਾਂ ਦਾ ਟੈਸਟ ਕੀਤਾ ਗਿਆ ਹੈ ਜਿਨ੍ਹਾਂ ’ਚੋਂ 30,000 ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪੇਂਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਉਨ੍ਹਾਂ ’ਚੋਂ ਜ਼ਿਆਦਾਤਰ ਲੋਕ ਅਜਿਹੇ ਹਨ ਜਿਨ੍ਹਾਂ ’ਚ ਇਸ ਦੇ ਲੱਛਣ ਸਨ ਅਤੇ ਜੋ ਸੋਚਦੇ ਸਨ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ।