ਕੋਰੋਨਾਵਾਇਰਸ ਨਾਲ ਨੌਜਵਾਨ ਫੁੱਟਬਾਲ ਕੋਚ ਦੀ ਮੌਤ

773
Share

ਮਲਾਗਾ, 16 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਨਾਲ ਹੁਣ ਤਕ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਨੇ ਚੀਨ ਤੋਂ ਬਾਅਦ ਯੂਰਪ ‘ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਟਲੀ ਤੇ ਸਪੇਨ ‘ਚ ਤਾਂ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾਵਾਇਰਸ ਦੀ ਵਜ੍ਹਾ ਨਾਲ ਇਕ ਨੌਜਵਾਨ ਫੁੱਟਬਾਲ ਕੋਚ ਦੀ ਵੀ ਮੌਤ ਹੋ ਚੁੱਕੀ ਹੈ। ਮਲਾਗਾ ਦੇ ਕਲੱਬ ਐਥਲੇਟਿਕੋ ਪੋਰਟਡਾ ਦੀ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ ਹੈ।
ਫੁੱਟਬਾਲ ਕਲੱਬ ਐਥਲੇਟਿਕੋ ਪੋਰਟਡਾ ਨੇ ਜਾਣਕਾਰੀ ਦਿੱਤੀ ਕਿ ਉਸਦੇ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਫ੍ਰਾਂਸਿਸਕੋ ਸਿਰਫ 21 ਸਾਲ ਦੇ ਸਨ। ਸਪੇਨ ‘ਚ ਉਹ ਕੋਰੋਨਾਵਾਇਰਸ ਨਾਲ ਜਾਨ ਗਵਾਉਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2016 ਤੋਂ ਐਥਲੇਟਿਕੋ ਪੋਰਟਡਾ ਨਾਲ ਜੁੜੇ ਹੋਏ ਸਨ ਤੇ ਉਹ ਇਸਦੇ ਨਾਲ ਕੈਂਸਰ ਨਾਲ ਵੀ ਜੂਝ ਰਹੇ ਸਨ।
ਕੋਰੋਨਾਵਾਇਰਸ ਦੀ ਲਪੇਟ ‘ਚ ਕਈ ਵੱਡੇ ਖਿਡਾਰੀ ਆ ਚੁੱਕੇ ਹਨ। ਇਸ ‘ਚ ਜ਼ਿਆਦਾਤਰ ਫੁੱਟਬਾਲਰ ਹੀ ਹਨ। ਕੋਰੋਨਾਵਾਇਰਸ ਦੀ ਵਜ੍ਹਾ ਨਾਲ ਇਕ ਫੁੱਟਬਾਲਰ ਦੀ ਮੌਤ ਵੀ ਹੋ ਚੁੱਕੀ ਹੈ। ਈਰਾਨ ਦੀ ਮਹਿਲਾ ਫੁੱਟਬਾਲ ਇਲਹਮ ਸ਼ੇਖੀ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ। 27 ਫਰਵਰੀ ਨੂੰ ਉਨ੍ਹਾਂ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਈਰਾਨ ਦੀ ਰਾਜਧਾਨੀ ਤਹਿਰਾਨ ਤੋਂ 150 ਕਿ. ਮੀ. ਦੂਰ ਕਊਮ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਤੇ ਉਥੇ 50 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਤੇ ਇਨ੍ਹਾ ਲੋਕਾਂ ‘ਚ ਇਲਹਮ ਸ਼ੇਖੀ ਵੀ ਸੀ।


Share