ਕੋਰੋਨਾਵਾਇਰਸ ਦੇ ਹਵਾ ਰਾਹੀਂ ਵੀ ਫੈਲਣ ਦੇ ਸਬੂਤ ਮੌਜੂਦ : ਡਬਲਯੂ.ਐੱਚ.ਓ.

597
Share

ਨਿਊਯਾਰਕ, 7 ਜੁਲਾਈ (ਪੰਜਾਬ ਮੇਲ)-ਕੋਰੋਨਾਵਾਇਰਸ ਮਹਾਂਮਾਰੀ ਦੇ ਸਬੰਧ ‘ਚ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਵੱਡਾ ਦਾਅਵਾ ਕਰਦਿਆਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਕਿਹਾ ਹੈ ਕਿ ਲਾਗ ਦੀ ਇਸ ਬਿਮਾਰੀ ਦੇ ਵਾਇਰਸ ਦੇ ਹਵਾ ਰਾਹੀਂ ਵੀ ਫੈਲਣ ਦੇ ਸਬੂਤ ਮੌਜੂਦ ਹਨ ਅਤੇ ਇਸ ਦਾ ਇਕ ਛੋਟਾ ਜਿਹਾ ਕਣ ਵੀ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਡਬਲਯੂ.ਐੱਚ.ਓ. ਵਲੋਂ ਅਜੇ ਤੱਕ ਖੰਘ ਤੇ ਛਿੱਕ ਨੂੰ ਹੀ ਕੋਰੋਨਾਵਾਇਰਸ ਫੈਲਣ ਦੇ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਲੋਕਾਂ ਦੇ ਮੁੜ ਤੋਂ ਬਾਰਾਂ, ਰੈਸਟੋਰੈਂਟਾਂ, ਦਫ਼ਤਰਾਂ, ਬਾਜ਼ਾਰਾਂ ਤੇ ਕਸੀਨੋ ਆਦਿ ‘ਚ ਜਾਣ ਨਾਲ ਵਿਸ਼ਵ ਪੱਧਰ ‘ਤੇ ਜਿਸ ਤਰ੍ਹਾਂ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ, ਇਸ ਤੋਂ ਇਸ ਰੁਝਾਨ ਦੀ ਲਗਾਤਾਰ ਪੁਸ਼ਟੀ ਹੋਈ ਹੈ ਕਿ ਵਾਇਰਸ ਬੰਦ ਥਾਵਾਂ ‘ਤੇ ਠਹਿਰ ਜਾਂਦਾ ਹੈ ਅਤੇ ਆਲੇ-ਦਆਲੇ ਦੇ ਲੋਕਾਂ ਨੂੰ ਬਿਮਾਰ ਕਰਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਲਿਖੇ ਇਕ ਖੁੱਲ੍ਹੇ ਪੱਤਰ ‘ਚ ਕਿਹਾ ਹੈ ਕਿ ਲੋਕਾਂ ਨੂੰ ਸੰਕ੍ਰਮਿਤ (ਬਿਮਾਰ) ਕਰਨ ਵਾਲੇ ਇਨ੍ਹਾਂ ਛੋਟੇ ਕਣਾਂ ਦੀ ਸਮਰੱਥਾ ਨੂੰ ਵੀ ਰੇਖਾਂਕਿਤ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਇਨ੍ਹਾਂ ਵਿਸ਼ਵ ਸਿਹਤ ਏਜੰਸੀ ਨੂੰ ਆਪਣੇ ਸੁਝਾਵਾਂ ‘ਚ ਵੀ ਬਦਲਾਅ ਕਰਨ ਲਈ ਕਿਹਾ ਹੈ।


Share