ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਾਰਤ ਭੇਜਣ ਦੀ ਸਾਜ਼ਿਸ਼ ਰਚਣ ਵਾਲਾ ਮੁਲਜ਼ਮ ਨੇਪਾਲ ਤੋਂ ਗ੍ਰਿਫ਼ਤਾਰ

817

-ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜ਼ਮਾਤ ਦੇ ਮਰਕਜ਼ ‘ਚ ਹੋਇਆ ਸੀ ਸ਼ਾਮਲ
ਕਾਠਮੰਡੂ, 13 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਾਰਤ ਭੇਜਣ ਦੀ ਸਾਜਿਸ਼ ਰਚਣ ਦੇ ਮੁਲਜ਼ਮ ਜਾਲਿਮ ਮੁਖੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁਖੀਆ ਨੂੰ ਐਤਵਾਰ ਦੇਰ ਰਾਤ ਨੇਪਾਲ ਦੇ ਪਾਰਸਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਸਰਹੱਦ ਦੇ ਰਸਤੇ ਬਿਹਾਰ ਦੇ ਪੱਛਮੀ ਚੰਪਾਰਣ ਅਤੇ ਬੇਤੀਆ ਜ਼ਿਲ੍ਹੇ ‘ਚ ਸੰਕਰਮਿਤ ਜ਼ਮਾਤੀਆਂ ਦੇ ਘੁਸਪੈਠ ਦੀ ਸਾਜਿਸ਼ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।
ਨੇਪਾਲੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਜਾਲਿਮ ਮੁਖੀਆ ਵੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜ਼ਮਾਤ ਦੇ ਮਰਕਜ਼ ‘ਚ ਸ਼ਾਮਲ ਹੋਇਆ ਸੀ। ਉੱਥੋਂ ਵਾਪਸ ਪਰਤਣ ਤੋਂ ਬਾਅਦ ਜਾਲਿਮ ਮੁਖੀਆ ਨੇ 24 ਜ਼ਮਾਤੀਆਂ ਨੂੰ ਮਸਜ਼ਿਦ ‘ਚ ਪਨਾਹ ਦਿੱਤੀ ਸੀ। ਇਸ ‘ਚ ਭਾਰਤੀ ਤੇ ਵਿਦੇਸ਼ੀ ਸ਼ਾਮਲ ਸਨ। ਜਦੋਂ ਇਨ੍ਹਾਂ ਜ਼ਮਾਤੀਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿਚੋਂ ਤਿੰਨ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਸਾਰਿਆਂ ਨੂੰ ਆਈਸੋਲੇਸ਼ਨ ‘ਚ ਰੱਖਣ ਦੇ ਆਦੇਸ਼ ਦਿੱਤੇ ਗਏ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਸਾਰੇ ਜ਼ਮਾਤੀ ਪਾਕਿਸਤਾਨ, ਇੰਡੋਨੇਸ਼ੀਆ ਅਤੇ ਭਾਰਤ ਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਕਸੌਲ ਸਰਹੱਦ ‘ਤੇ ਭਾਰਤੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਬਾਵਜੂਦ ਇਹ ਸਾਰੇ ਨੇਪਾਲ ਦੀ ਸਰਹੱਦ ‘ਚ ਚਲੇ ਗਏ ਸਨ।
ਦੱਸ ਦੇਈਏ ਕਿ ਹਥਿਆਰਬੰਦ ਸੀਮਾ ਬੱਲ (ਐੱਸ.ਐੱਸ.ਬੀ.) ਦੀ ਗੁਪਤ ਚਿੱਠੀ ਤੋਂ ਬਾਅਦ ਪੱਛਮੀ ਚੰਪਾਰਣ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਐੱਸ.ਪੀ. ਬੇਤੀਆ/ਬਗਹਾ ਨੂੰ ਭਾਰਤ-ਨੇਪਾਲ ਸਰਹੱਦ ‘ਤੇ ਵਾਧੂ ਸਾਵਧਾਨੀ ਵਰਤਣ ਲਈ ਕਿਹਾ ਸੀ। 7 ਅਪ੍ਰੈਲ ਨੂੰ ਲਿਖੀ ਇੱਕ ਪੱਤਰ ਵਿਚ ਡੀ.ਐੱਮ. ਕੁੰਦਨ ਕੁਮਾਰ ਨੇ ਐੱਸ.ਪੀ. ਨੂੰ ਲਿਖਿਆ ਕਿ ਨੇਪਾਲ ਦੇ ਪਾਰਸਾ ਜ਼ਿਲ੍ਹੇ ਅਧੀਨ ਆਉਂਦੇ ਜਗਤਨਾਥਪੁਰ ਪਿੰਡ ਦਾ ਰਹਿਣ ਵਾਲਾ ਜਾਲਿਮ ਮੁਖੀਆ ਭਾਰਤ ਵਿਚ ਕੋਰੋਨਾ ਮਹਾਂਮਾਰੀ ਫੈਲਾਉਣ ਦੀ ਯੋਜਨਾ ਬਣਾ ਰਿਹਾ ਹੈ। ਉਹ ਨੇਪਾਲ-ਭਾਰਤ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਅਤੇ ਨਕਲੀ ਨੋਟਾਂ ਦੀ ਤਸਕਰੀ ਵਿਚ ਵੀ ਸ਼ਾਮਲ ਹੈ।