ਕੋਰੋਨਾਵਾਇਰਸ: ਦੁਨੀਆ ਭਰ ‘ਚ ਮਿ੍ਰਤਕਾਂ ਦੀ ਗਿਣਤੀ 2 ਲੱਖ ਪਾਰ

823

ਵਾਸ਼ਿੰਗਟਨ, 25 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨਾਲ ਪੂਰੇ ਵਿਸ਼ਵ ‘ਚ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਉਥੇ ਹੀ ਸ਼ਨੀਵਾਰ ਰਾਤ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ ਤੋਂ ਪਾਰ ਪਹੁੰਚ ਗਈ ਹੈ। 10 ਅਪ੍ਰੈਲ ਤੱਕ ਕੋਰੋਨਾ ਕਾਰਨ 1 ਲੱਖ 5 ਹਜ਼ਾਰ 979 ਲੋਕਾਂ ਦੀ ਮੌਤਾਂ ਹੋਈਆਂ ਸਨ ਪਰ 25 ਅਪ੍ਰੈਲ (15 ਦਿਨਾਂ ਵਿਚ) ਇਹ ਗਿਣਤੀ 2 ਲੱਖ ਤੋਂ ਪਾਰ ਪਹੁੰਚ ਗਈ ਹੈ। ਬੀਤੇ 15 ਦਿਨਾਂ ਵਿਚ ਮੌਤਾਂ ਦਾ ਅੰਕੜਾ ਦੁਗਣਾ ਹੋ ਗਿਆ, ਜਿਨ੍ਹਾਂ ਵਿਚੋਂ 2 ਤਿਹਾਈ ਮੌਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਯੂਰਪ ਵਿਚ ਹਨ। ਜਾਨਸ ਹਾਪਕਿੰਸ ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀ. ਐਸ. ਐਸ. ਈ.) ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਸ਼ਨੀਵਾਰ ਰਾਤ ਤੱਕ ਕੁਲ ਪੂਰੀ ਦੁਨੀਆ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 28,70,862 ਹੋ ਗਈ ਹੈ, ਜਿਨ੍ਹਾਂ ਵਿਚੋਂ 2,00,542 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 8,23,201 ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਅੰਕੜਿਆਂ ਮੁਤਾਬਕ, ਦੁਨੀਆ ਭਰ ਵਿਚ ਅਮਰੀਕਾ ਕੋਰੋਨਾਵਾਇਰਸ ਤੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੈ, ਜਿਥੇ ਮਾਮਲਿਆਂ ਦੀ ਗਿਣਤੀ 9 ਲੱਖ ਤੋਂ ਪਾਰ ਪਹੁੰਚ ਗਈ ਹੈ ਜਿਨ੍ਹਾਂ ਵਿਚੋਂ 52 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਇਸੇ ਤਰ੍ਹਾਂ ਸਪੇਨ ਵਿਚ 2,23,759 ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ ਜਿਨ੍ਹਾਂ ਵਿਚੋਂ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਅਤੇ 95 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।ਇਸ ਦੇ ਨਾਲ ਯੂਰਪ ਵਿਚ ਸਭ ਤੋਂ ਜ਼ਿਆਦਾ ਮੌਤਾਂ ਇਟਲੀ, ਫਰਾਂਸ ਅਤੇ ਬਿ੍ਰਟੇਨ ਵਿਚ ਦਰਜ ਕੀਤੀਆਂ ਜਾ ਚੁੱਕੀਆਂ ਹਨ।ਦੱਸ ਦਈਏ ਕਿ ਚੀਨ ਵਿਚ ਜਿਥੇ ਦਸੰਬਰ ਵਿਚ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ, ਉਥੇ 4,636 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ ਅਤੇ 83,901 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ।