ਕੋਰੋਨਾਵਾਇਰਸ ਦੀ ਵੈਕਸੀਨ ਬੁਖਾਰ ਦੇ ਟੀਕਿਆਂ ਵਰਗੀ ਹੋਵੇਗੀ : ਮਾਹਿਰ

467
Share

ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)-ਕੋਰੋਨਾਵਾਇਰਸ ਦੇ ਕਹਿਰ ਨਾਲ ਨਜਿੱਠ ਰਹੀ ਦੁਨੀਆਂ ਨੂੰ ਬਚਾਉਣ ਲਈ ਸਾਇੰਸਦਾਨ ਦਿਨ-ਰਾਤ ਇਸ ਗਲੋਬਲ ਮਹਾਮਾਰੀ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਕਈ ਦੇਸ਼ਾਂ ਦੇ ਸਾਇੰਸਦਾਨਾਂ ਨੇ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ ਪਰ ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤੱਕ ਕੋਈ ਵੀ ਅਜਿਹੀ ਵੈਕਸੀਨ ਨਹੀਂ ਬਣੀ ਹੈ, ਜਿਸ ਨੂੰ ਕੋਰੋਨਾਵਾਇਰਸ ਵੈਕਸੀਨ ਦਾ ਨਾਂ ਦਿੱਤਾ ਜਾ ਸਕੇ। ਅਮਰੀਕਾ ਦੇ ਇਕ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਮੌਸਮੀ ਬੁਖਾਰ ਦੇ ਟੀਕਿਆਂ ਤੋਂ ਜ਼ਿਆਦਾ ਪ੍ਰਭਾਵੀ ਨਹੀਂ ਹੋਵੇਗੀ। ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਮੈਡੀਕੇਅਰ ਐਂਡ ਮੈਡੀਕਿੱਡ ਸਰਵਿਸਿਜ਼ ਦੇ ਕੇਂਦਰਾਂ ਦੇ ਸਾਬਕਾ ਕਾਰਜਕਾਰੀ ਪ੍ਰਸ਼ਾਸਕ ਐਂਡੀ ਸਲਾਵਿਟ ਨੇ ਆਖਿਆ ਕਿ ਜਿਹੜੀ ਵੀ ਵੈਕਸੀਨ ਪਹਿਲੀ ਵਾਰ ਬਣੇਗੀ ਉਹ ਇਸ ਦੇ ਜੋਖਮ ਨੂੰ ਸਿਰਫ 40 ਤੋਂ 60 ਫੀਸਦੀ ਹੀ ਘੱਟ ਕਰ ਪਾਵੇਗੀ।
ਸਲਾਵਿਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹੋਰ 2 ਸਾਇੰਸਦਾਨਾਂ ਨਾਲ ਮਿਲ ਕੇ ਕੋਰੋਨਾ ਵਾਇਰਸ ਵੈਕਸੀਨ ਦੇ ਡਾਟਾ ਦਾ ਅਧਿਐਨ ਕੀਤਾ ਹੈ। ਇਹ ਸਾਰੀਆਂ ਵੈਕਸੀਨਾਂ ਹਿਊਮਨ ਟ੍ਰਾਇਲ ਦੇ ਫੇਜ਼ ਵਿਚ ਹਨ, ਜਿਸ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸਭ ਤੋਂ ਅੱਗੇ ਹੈ। ਇਸ ਵੈਕਸੀਨ ਨਾਲ ਲੋਕਾਂ ਦੇ ਸਰੀਰ ਵਿਚ ਐਂਟੀਬਾਡੀ ਦਾ ਨਿਰਮਾਣ ਹੋ ਰਿਹਾ ਹੈ ਅਤੇ ਹੁਣ ਤੱਕ ਕਿਸੇ ਵੀ ਪ੍ਰਕਾਰ ਦੇ ਮਾੜੇ ਨਤੀਜੇ ਦੀ ਜਾਣਕਾਰੀ ਨਹੀਂ ਹੈ।
ਉਨ੍ਹਾਂ ਸਾਇੰਸਦਾਨਾਂ ਨਾਲ ਗੱਲਬਾਤ ਤੋਂ ਬਾਅਦ ਦਾਅਵਾ ਕੀਤਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੈਕਸੀਨ ਕਦੋਂ ਤੱਕ ਆਵੇਗੀ ਅਤੇ ਕਿਸ ਲਈ ਪ੍ਰਭਾਵੀ ਸਾਬਿਤ ਹੋਵੇਗੀ। ਪਰ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਮੌਸਮੀ ਬੁਖਾਰ ਦੀ ਵੈਕਸੀਨ ਦੀ ਤਰ੍ਹਾਂ ਹੀ ਹੋਵੇਗੀ। ਜਿਹੜੀ ਯੂ. ਐੱਸ. ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਮੁਤਾਬਕ ਬੀਮਾਰੀ ਦੇ ਜ਼ੋਖਮ ਨੂੰ 40 ਤੋਂ 60 ਫੀਸਦੀ ਤੱਕ ਘੱਟ ਕਰ ਪਾਉਂਦੀ ਹੈ।


Share