ਕੋਰੋਨਾਵਾਇਰਸ ਦੀ ਮਾਰ; 222 ਸਾਲ ਬਾਅਦ ਪਹਿਲੀ ਵਾਰ ਰੱਦ ਹੋ ਸਕਦੀ ਹੈ ਹੱਜ ਯਾਤਰਾ

748
Share

ਰਿਆਦ, 6 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆਂ ਦੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਦਾ ਅਸਰ ਸਾਊਦੀ ਅਰਬ ‘ਚ ਮੱਕਾ-ਮਦੀਨਾ ‘ਤੇ ਵੀ ਨਜ਼ਰ ਆ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਇਸ ਸਾਲ ਜੁਲਾਈ ਵਿਚ ਹੋਣ ਵਾਲੀ ਹੱਜ ਯਾਤਰਾ ਰੱਦ ਕੀਤੀ ਜਾ ਸਕਦੀ ਹੈ। ਅਜਿਹਾ ਇਸ ਤੋਂ ਪਹਿਲਾਂ 1798 ‘ਚ ਕੀਤਾ ਗਿਆ ਸੀ। ਸਾਊਦੀ ਸਰਕਾਰ ਨੇ 27 ਫਰਵਰੀ ਨੂੰ ਉਮਰਾ ‘ਤੇ ਬੈਨ ਲਗਾ ਦਿੱਤਾ ਸੀ। ਉਮਰਾ ਹੱਜ ਵਾਂਗ ਹੀ ਹੁੰਦਾ ਹੈ, ਪਰ ਯਕੀਨੀ ਤੌਰ ‘ਤੇ ਇਸਲਾਮੀ ਮਹੀਨੇ ‘ਚ ਮੱਕਾ ਅਤੇ ਮਦੀਨਾ ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ। ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ ਪਹਿਲਾਂ ਹੀ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ।
ਹੱਜ ਯਾਤਰਾ ਦਾ ਸਮਾਂ ਚੰਦਰ ਕੈਲੇਂਡਰ ਤੋਂ ਤੈਅ ਕੀਤਾ ਜਾਂਦਾ ਹੈ। ਇਹ ਸਾਲਾਨਾ ਇਸਲਾਮਿਕ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ। ਇਹੀ ਕਾਰਣ ਹੈ ਕਿ 1918 ‘ਚ ਫੈਲੇ ਫਲੂ ਦੌਰਾਨ ਵੀ ਇਸ ਨੂੰ ਰੱਦ ਨਹੀਂ ਕੀਤਾ ਗਿਆ ਸੀ। ਜੇਕਰ ਯਾਤਰਾ ਰੱਦ ਹੁੰਦੀ ਹੈ, ਤਾਂ ਸਾਊਦੀ ਲਈ ਇਹ ਸਾਲ ਘਾਟੇ ਦਾ ਹੋਵੇਗਾ ਕਿਉਂਕਿ ਮਹਾਮਾਰੀ ਕਾਰਣ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਡਿੱਗੀਆਂ ਹੋਈਆਂ ਹਨ। ਅਜਿਹੇ ‘ਚ ਹੱਜ ਯਾਤਰਾ ਤੋਂ ਮਿਲਣ ਵਾਲਾ ਰੁਪਿਆ ਵੀ ਨਹੀਂ ਆਵੇਗਾ। ਸਾਊਦੀ ‘ਚ ਕੋਰੋਨਾਵਾਇਰਸ ਦੇ ਤਕਰੀਬਨ 1500 ਮਾਮਲੇ ਸਾਹਮਣੇ ਆਏ ਹਨ। 10 ਲੋਕਾਂ ਦੀ ਮੌਤ ਹੋ ਗਈ।
ਪੂਰੇ ਪੱਛਮੀ ਏਸ਼ੀਆ ‘ਚ ਤਕਰੀਬਨ 72 ਹਜ਼ਾਰ ਲੋਕ ਕੋਰੋਨਾ ਨਾਲ ਇਨਫੈਕਟਿਡ ਹਨ। ਪਿਛਲੇ ਸਾਲ ਇਥੇ ਤਕਰੀਬਨ 20 ਲੱਖ ਲੋਕ ਪਹੁੰਚੇ ਸਨ। ਸਾਊਦੀ ਨੂੰ ਹਰ ਸਾਲ ਹੱਜ ਯਾਤਰਾ ਤੋਂ 91 ਹਜ਼ਾਰ 702 ਕਰੋੜ ਰੁਪਏ (12 ਅਰਬ ਡਾਲਰ) ਦੀ ਆਮਦਨੀ ਹੁੰਦੀ ਹੈ। ਸਾਊਦੀ ਦੇ ਉਮਰਾ ਮੰਤਰੀ ਮੁਹੰਮਦ ਸਾਲੇਹ ਬਿਨ ਤਾਹਿਰ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਦੇਸ਼ਾਂ ਦੇ ਮੁਸਲਮਾਨਾਂ ਦੀ ਸੁਰੱਖਿਆ ਦੀ ਤਿਆਰੀ ‘ਚ ਹੈ। ਪੂਰੀ ਦੁਨੀਆਂ ਦੇ ਮੁਸਲਮਾਨਾਂ ਨੂੰ ਅਪੀਲ ਹੈ ਕਿ ਜਦੋਂ ਤੱਕ ਸਾਡੇ ਵਲੋਂ ਸਾਫ ਨਾ ਕਰ ਦਿੱਤਾ ਜਾਵੇ, ਉਦੋਂ ਤੱਕ ਸਾਰੇ ਯਾਤਰਾ ਕਾਨਟ੍ਰੈਕਟ ਨੂੰ ਰੋਕ ਦਿੱਤਾ ਜਾਵੇ।
ਲੰਡਨ ‘ਚ ਕਿੰਗਜ਼ ਕਾਲਜ ‘ਚ ਵਾਰ ਸਟੱਡੀਜ਼ ਦੇ ਲੈਕਚਰ ਸ਼ਿਰਾਜ ਮੇਹਰ ਨੇ ਕਿਹਾ ਕਿ ਸਾਊਦੀ ਸਰਕਾਰ ਦੇ ਅਧਿਕਾਰੀ ਲੋਕਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰ ਰਹੇ ਹਨ, ਤਾਂ ਜੋ ਯਾਤਰਾ ਰੱਦ ਹੋਵੇ ਤਾਂ ਅਜਿਹਾ ਨਾ ਲੱਗੇ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ। ਉਹ ਅਤੀਤ ਵਿਚ ਹੋਈਆਂ ਘਟਨਾਵਾਂ ਨੂੰ ਜ਼ਿਕਰ ਕਰਕੇ ਇਹ ਦੱਸਣਾ ਚਾਹੁੰਦੇ ਹਨ ਕਿ ਖਾਸ ਹਾਲਾਤਾਂ ਵਿਚ ਹੱਜ ਯਾਤਰਾ ਰੋਕੀ ਗਈ ਅਤੇ ਅਜਿਹਾ ਇਕ ਵਾਰ ਹੋਰ ਹੋ ਸਕਦਾ ਹੈ। ਇਸਲਾਮਿਕ ਮਾਨਤਾ ਮੁਤਾਬਕ ਸਾਰੇ ਸਮਰੱਥ ਮੁਸਲਮਾਨਾਂ ਲਈ ਜੀਵਨ ਵਿਚ ਇਕ ਵਾਰ ਹੱਜ ਯਾਤਰਾ ਲਾਜ਼ਮੀ ਹੈ। ਸਾਊਦੀ ਸਥਿਤ ਮੱਕਾ ਅਤੇ ਮਦੀਨਾ ਕਾਰਣ ਇਥੇ ਹਰ ਸਾਲ ਪੂਰੀ ਦੁਨੀਆਂ ਤੋਂ ਔਸਤਨ 30 ਲੱਖ ਮੁਸਲਮ ਜੁੜਦੇ ਹਨ।


Share