ਕੋਰੋਨਾਵਾਇਰਸ ਦੀ ਮਾਰ ਦਰਮਿਆਨ ਟੈਕਸਾਸ ‘ਚ ਰੈਸਟੋਰੈਂਟ ਤੇ ਕਾਰੋਬਾਰ ਆਂਸ਼ਿੰਕ ਰੂਪ ‘ਚ ਖੁੱਲ੍ਹੇ

820

ਹਿਊਸਟਨ, 1 ਮਈ (ਪੰਜਾਬ ਮੇਲ)- ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸੂਬੇ ਟੈਕਸਾਸ ਵਿਚ ਸ਼ੁੱਕਰਵਾਰ ਨੂੰ ਕਾਰੋਬਾਰ ਆਂਸ਼ਿੰਕ ਰੂਪ ‘ਚ ਖੋਲ੍ਹ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਰੋਜ਼ੀ-ਰੋਟੀ ਦੇ ਸਾਧਨ ਮਿਲ ਸਕਣ। ਹਾਲਾਂਕਿ ਸੂਬੇ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਟੈਕਸਾਸ ਵਿਚ ਸ਼ੁੱਕਰਵਾਰ ਨੂੰ 50 ਤੋਂ ਜ਼ਿਆਦਾ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਮੌਤ ਹੋ ਗਈ। ਮਾਰਚ ਦੇ ਮੱਧ ਵਿਚ ਰੋਗ ਦੇ ਕਾਰਨ ਪਹਿਲੀ ਮੌਤ ਹੋਈ ਸੀ। ਉਸ ਤੋਂ ਬਾਅਦ ਇਹ ਕਿਸੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਗਿਣਤੀ ਹੈ। ਰਾਜ ਵਿਚ ਕੋਰੋਨਾਵਾਇਰਸ ਦੇ 1,033 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 10 ਅਪ੍ਰੈਲ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ।
ਟੈਕਸਾਸ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 29,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਰੀਬ 810 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਹੈ ਅਤੇ ਇਥੇ 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ 62,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਵਰਨਰ ਗ੍ਰੇਗ ਐਬਾਟ ਨੇ ਕੁਝ ਕਾਰੋਬਾਰਾਂ ਤੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਲੋਕਾਂ ਦੇ ਘਰਾਂ ਵਿਚ ਰਹਿਣ ਦਾ ਆਦੇਸ਼ 4 ਅਪ੍ਰੈਲ ਤੋਂ ਜਾਰੀ ਸੀ ਅਤੇ ਇਹ ਆਦੇਸ਼ ਵੀਰਵਾਰ ਅੱਧੀ ਰਾਤ ਨੂੰ ਖਤਮ ਹੋ ਗਿਆ ਹੈ। ਸਾਰੇ ਰੀਟੇਲ ਸਟੋਰ, ਰੈਸਤਰਾਂ, ਸਿਨੇਮਾ ਘਰ, ਮਾਲ ਅਤੇ ਮਿਊਜ਼ੀਅਮ ਨੂੰ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਆਖਿਆ ਗਿਆ ਹੈ ਕਿ ਸਿਰਫ 25 ਫੀਸਦੀ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ। ਚਰਚ ਵਿਚ ਪ੍ਰਾਥਨਾ ਕਰਨ ਲਈ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਆਓਟਡੋਰ ਖੇਡਾਂ ਲਈ ਵੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਨ੍ਹਾਂ ਵਿਚ 4 ਤੋਂ ਜ਼ਿਆਦਾ ਪ੍ਰਤੀਭਾਗੀ ਨਹੀਂ ਹੋਣਗੇ। ਪਰ ਜਨਤਕ ਸਵੀਮਿੰਗ ਪੂਲ, ਬਾਰ ਜਿਮ ਅਤੇ ਮਸਾਜ ਪਾਰਲਰ ਬੰਦ ਰਹਿਣਗੇ।