ਕੋਰੋਨਾਵਾਇਰਸ ਦੀ ਭਿਆਨਕ ਮਾਰ; ਪੀੜਤਾਂ ਦੀ ਗਿਣਤੀ 26 ਲੱਖ ਦੇ ਕਰੀਬ

724
Share

-7 ਲੱਖ ਦੇ ਕਰੀਬ ਲੋਕ ਇਸ ਵਾਇਰਸ ਤੋਂ ਹੋਏ ਠੀਕ
ਬੀਜਿੰਗ/ਜੇਨੇਵਾ/ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਕੌਮਾਂਤਰੀ ਮਹਾਮਾਰੀ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਤੱਕ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ‘ਚ ਇਸ ਮਹਾਮਾਰੀ ਨਾਲ 26 ਲੱਖ ਤੋਂ ਕਰੀਬ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆਂ ਭਰ ‘ਚ ਕੋਰੋਨਾਵਾਇਰਸ ਨਾਲ 26 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ, ਜਦਕਿ ਇਸ ਨਾਲ ਮਰਨਵਾਲਿਆਂ ਦੀ ਗਿਣਤੀ ਵਧ ਕੇ 1.78 ਲੱਖ ਤੋਂ ਪਾਰ ਹੋ ਗਈ ਹੈ। ਦੁਨੀਆਂ ਭਰ ‘ਚ ਹੁਣ ਤੱਕ ਤਕਰੀਬਨ 7 ਲੱਖ ਦੇ ਕਰੀਬ ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ।
ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਦੁਨੀਆਂ ਦੀ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ‘ਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ, ਜਿੱਥੇ ਹੁਣ ਤੱਕ 8 ਲੱਖ 27 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, ਜਦਕਿ 46 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 83 ਹਜ਼ਾਰ ਦੇ ਕਰੀਬ ਲੋਕ ਠੀਕ ਵੀ ਹੋਏ ਹਨ। ਕੈਲੀਫੋਰਨੀਆ ‘ਚ ਇਸ ਮਹਾਮਾਰੀ ਨਾਲ 31,500 ਦੇ ਕਰੀਬ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, 1225 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਦਕਿ ਇਟਲੀ ‘ਚ ਇਸ ਮਹਾਮਾਰੀ ਕਾਰਨ ਹੁਣ ਤੱਕ 24 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਅਤੇ 1,84,000 ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਇਸ ਵਾਇਰਸ ਸੰਬੰਧੀ ਤਿਆਰ ਕੀਤੀ ਗਈ ਇਕ ਰਿਪੋਰਟ ਮੁਤਾਬਕ ਚੀਨ ‘ਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧ ਉਮਰ ਦੇ ਲੋਕਾਂ ਦੇ ਸਨ।
ਭਾਰਤ ‘ਚ ਵੀ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 4 ਹਜ਼ਾਰ ਦੇ ਕਰੀਬ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 26 ਲੱਖ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ 1,77,200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੀ ਸ਼ੁਰੂਆਤ ਚੀਨ ਵਿਚ ਹੋਈ ਸੀ, ਜਿੱਥੇ ਹੁਣ ਤੱਕ ਸਿਰਫ 4,636 ਮੌਤਾਂ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਚੀਨ ਦਾ ਕਹਿਣਾ ਹੈ ਕਿ ਉੱਥੇ 83,853 ਲੋਕ ਕੋਰੋਨਾ ਦਾ ਸ਼ਿਕਾਰ ਹਨ ਤੇ ਵੱਡੀ ਗਿਣਤੀ ‘ਚ ਲੋਕ ਸਿਹਤਯਾਬ ਹੋ ਚੁੱਕੇ ਹਨ, ਜਦਕਿ ਬਾਕੀ ਦੇਸ਼ਾਂ ਨੂੰ ਚੀਨ ਦੇ ਇਸ ਅੰਕੜੇ ‘ਤੇ ਸ਼ੱਕ ਹੈ।


Share