ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਦਾਅਬਾ ਕਰ ਕਸੂਤੇ ਫੱਸੇ ਰਾਮਦੇਵ!

683
Share

ਹਸਪਤਾਲ ਵਿੱਚ ਕਿਸੇ ਦਵਾਈ ਦੀ ਅਜ਼ਮਾਇਸ਼ ਨਹੀਂ ਕੀਤੀ ਗਈ : ਚੇਅਰਮੈਨ ਡਾ. ਬੀਐਸ ਤੋਮਰ

ਜੈਪੁਰ, 26 ਜੂਨ (ਪੰਜਾਬ ਮੇਲ)- ਕੋਰੋਨਾ ਦੇ ਇਲਾਜ ਲਈ ਯੋਗ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੱਲੋਂ ਦਵਾਈ ਕੋਰੋਨਿਲ ਬਣਾਏ ਜਾਣ ਦੇ ਦਾਅਵਿਆਂ ਤੋਂ ਉਨ੍ਹਾਂ ਦੇ ਸਾਥੀ ਨੇ ਪਲਟੀ ਮਾਰ ਲਈ ਹੈ। ਜੈਪੁਰ ਦੀ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਯੂਨੀਵਰਸਿਟੀ ਵਿੱਚ ਕੋਰੋਨਾ ਮਰੀਜ਼ਾਂ ‘ਤੇ ਆਪਣੀ ਦਵਾਈ ਦੇ ਸਫਲ ਪ੍ਰੀਖਣ ਦੀ ਗੱਲ ਬਾਬਾ ਰਾਮਦੇਵ ਨੇ ਆਖੀ ਸੀ, ਉਸ ਦੇ ਚੇਅਰਮੈਨ ਡਾ. ਬੀਐਸ ਤੋਮਰ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਕਿਸੇ ਦਵਾਈ ਦੀ ਅਜ਼ਮਾਇਸ਼ ਨਹੀਂ ਕੀਤੀ ਗਈ। ਬਿਆਨਬਾਜ਼ੀ ਤੇ ਸਪੱਸ਼ਟੀਕਰਨਾਂ ਤੋਂ ਪੈਦਾ ਹੋਏ ਭੰਬਲਭੂਸੇ ਦਰਮਿਆਨ ਰਾਜਸਥਾਨ ਸਰਕਾਰ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਸੂਬੇ ਵਿੱਚ ਰਾਮਦੇਵ ਦੀ ਦਵਾਈ ਵਿਕਦੀ ਦਿੱਸੀ ਤਾਂ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ।

ਡਾ. ਤੋਮਰ ਨੇ ਕਿਹਾ ਕਿ ਬਾਬਾ ਰਾਮਦੇਵ ਨਿਮਸ ਵਿੱਚ ਜਿਸ ਦਵਾਈ ਦੇ ਟ੍ਰਾਇਲ ਦੀ ਗੱਲ ਆਖ ਰਹੇ ਹਨ, ਇੱਥੇ ਅਜਿਹਾ ਕੁਝ ਵੀ ਨਹੀਂ ਹੋਇਆ। ਰਾਮਦੇਵ ਨੇ ਗ਼ਲਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੋਗਾਂ ਸਰੀਰ ਦੀ ਖ਼ਿਲਾਫ਼ ਲੜਨ ਦੀ ਤਾਕਤ ਨੂੰ ਵਧਾਉਣ ਲਈ ਅਸ਼ਵਗੰਧਾ, ਗਲੋਅ ਤੇ ਤੁਲਸੀ ਦੀ ਵਰਤੋਂ ਕੀਤੀ ਸੀ। ਡਾ. ਤੋਮਰ ਨੇ ਕਿਹਾ ਕਿ ਇਹ ਸਿਰਫ ਇਮਿਊਨਿਟੀ ਬੂਸਟਰ ਸੀ ਨਾ ਕਿ ਕਿਸੇ ਕਿਸਮ ਦੀ ਦਵਾਈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਹ ਨਹੀਂ ਜਾਣਦੇ ਕਿ ਰਾਮਦੇਵ ਨੇ ਸੌ ਫ਼ੀਸਦ ਇਲਾਜ ਦਾ ਦਾਅਵਾ ਕਿਵੇਂ ਕਰ ਦਿੱਤਾ।


Share