ਕੋਰੋਨਾਵਾਇਰਸ ਦਾ ਕਹਿਰ; ਵਿਦੇਸ਼ ਗਏ ਮੁਲਾਜ਼ਮਾਂ ‘ਤੇ ਸੂਬਾ ਸਰਕਾਰਾਂ ਦੀ ਰਹੇਗੀ ਨਜ਼ਰ

699
Share

-ਵਿਦੇਸ਼ ਤੋਂ ਆਉਣ ਵਾਲੇ ਮੁਲਾਜ਼ਮ ਘਰ ‘ਚ ਰਹਿਣਗੇ ਬੰਦ
ਲੁਧਿਆਣਾ, 8 ਮਾਰਚ (ਪੰਜਾਬ ਮੇਲ)- ਚੀਨ ਤੋਂ ਸ਼ੁਰੂ ਹੋਇਆ ਕਰੋਨਾਵਾਇਰਸ ਇਸ ਸਮੇਂ ਲਗਭਗ ਪੂਰੀ ਦੁਨੀਆਂ ‘ਚ ਫੈਲ ਚੁੱਕਿਆ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਚੌਕਸੀ ਵਰਤ ਰਹੀਆਂ ਹਨ। ਭਾਰਤ ਸਰਕਾਰ ਵੀ ਆਪਣੇ ਪੱਧਰ ‘ਤੇ ਇਸ ਤੋਂ ਬਚਾਅ ਵਿਚ ਲੱਗੀ ਹੋਈ ਹੈ। ਇਸ ਤਹਿਤ ਸਰਕਾਰ ਨੇ ਵੱਡੇ ਪ੍ਰੋਗਰਾਮਾਂ ‘ਤੇ ਰੋਕ ਲਾ ਦਿੱਤੀ ਹੈ। ਸਰਕਾਰ ਆਪਣੇ ਮੁਲਾਜ਼ਮਾਂ ਨੂੰ ਵੀ ਇਸ ਤੋਂ ਬਚਣ ਲਈ ਜਾਗਰੂਕ ਕਰ ਰਹੀ ਹੈ। ਸਰਕਾਰ ਤੋਂ ਛੁੱਟੀ ਲੈ ਕੇ ਵਿਦੇਸ਼ ਦੀ ਸੈਰ ਲਈ ਨਿਕਲੇ ਸਰਕਾਰੀ ਮੁਲਾਜ਼ਮਾਂ ਨੂੰ ਵਾਪਸ ਪਰਤਣ ‘ਤੇ ਸਖ਼ਤ ਸੰਘਰਸ਼ ‘ਚੋਂ ਲੰਘਣਾ ਪਵੇਗਾ। ਵਿਦੇਸ਼ ਤੋਂ ਆਉਣ ਵਾਲੇ ਮੁਲਾਜ਼ਮਾਂ ਨੂੰ 14 ਦਿਨ ਤੱਕ ਘਰ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੋਵੇਗੀ। ਉਹ ਪੂਰੇ ਦੋ ਹਫ਼ਤੇ ਘਰ ‘ਚ ਹੀ ਵੱਖਰੇ ਕਮਰੇ ਵਿਚ ਕੈਦ ਰਹੇਗਾ ਤੇ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਹੋਵੇਗਾ। ਸਿਹਤ ਵਿਭਾਗ ਵੱਲੋਂ ਪੂਰੀ ਜਾਂਚ ਤੋਂ ਬਾਅਦ ਰਿਪੋਰਟ ਆਵੇਗੀ ਤੇ ਫਿਰ ਉਹ ਦੁਬਾਰਾ ਡਿਊਟੀ ‘ਤੇ ਪਰਤੇਗਾ।
ਸਰਕਾਰ ਦੇ ਵੱਲੋਂ ਸਾਰੇ ਵਿਭਾਗਾਂ ਦੇ ਪ੍ਰਮੁੱਖਾਂ, ਡਿਵੀਜ਼ਨਲ ਕਮਿਸ਼ਨਰਾਂ, ਰਜਿਸਟ੍ਰਾਰਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਜ਼ਿਲ੍ਹਾ ਤੇ ਸ਼ੈਸ਼ਨ ਜੱਜਾਂ, ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਤੇ ਉਪ ਮੰਡਲ ਅਫ਼ਸਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਕਿਸੇ ਸਰਕਾਰੀ ਮੁਲਾਜ਼ਮ ਨੂੰ ਐਕਸ ਇੰਡੀਆ ਲੀਵ ਨਾ ਦੇਣ। ਜੇ ਕਿਸੇ ਮੁਲਾਜ਼ਮ ਨੂੰ ਜ਼ਿਆਦਾ ਜ਼ਰੂਰੀ ਹੈ, ਤਾਂ ਉਹ ਕਾਰਨ ਦੱਸ ਕੇ ਵਿਦੇਸ਼ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜੋ ਸਰਕਾਰੀ ਮੁਲਾਜ਼ਮ ਵਿਦੇਸ਼ ਵਿਚ ਗਿਆ ਹੋਇਆ ਹੈ ਤੇ ਵਾਪਸ ਪਰਤਣ ਵਾਲਾ ਹੈ, ਉਸ ਨੂੰ 14 ਦਿਨ ਤੱਕ ਘਰ ਵਿਚ ਵੱਖਰਾ ਰੱਖਿਆ ਜਾਵੇ। ਸਿਹਤ ਵਿਭਾਗ ਵੱਲੋਂ ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਉਹ ਵਿਦੇਸ਼ ਵਿਚੋਂ ਕਿਹੜੀ ਜਗ੍ਹਾ ਤੋਂ ਆਇਆ ਹੈ ਤੇ ਕਿਤੇ ਉਹ ਕਰੋਨਾਵਾਇਰਸ ਤੋਂ ਪੀੜਤ ਤਾਂ ਨਹੀਂ। ਦੋ ਹਫ਼ਤੇ ਦੀ ਜਾਂਚ ਪੜਤਾਲ ਤੋਂ ਬਾਅਦ ਜੇ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ, ਤਾਂ ਉਸ ਨੂੰ ਡਿਊਟੀ ‘ਤੇ ਆਉਣ ਦੀ ਆਗਿਆ ਹੋਵੇਗੀ।


Share