ਕੋਰੋਨਾਵਾਇਰਸ ਤੋਂ ਤੰਦਰੁਸਤ ਹੋਈ ਕੈਨੇਡਾ ਦੀ ਮੈਂਬਰ ਪਾਰਲੀਮੈਟ ਵੱਲੋਂ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜ਼ਿਕ ਵੀਡਿਓ ਦਾ ਪੋਸਟਰ ਰਿਲੀਜ਼

751
Share

ਟੋਰਾਂਟੋ, 3 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਤੋ ਤੰਦਰੁਸਤ ਹੋਈ ਕੈਨੇਡਾ ਦੀ ਪਾਰਲੀਮੈਂਟ ਸੈਕਟਰੀ ਤੇ ਬਰੈਂਪਟਨ ਪੱਛਮੀ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਰਾ ਵੱਲੋਂ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜ਼ਿਕ ਵੀਡਿਓ ਦਾ ਪੋਸਟਰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਹੁਣ ਦੁਨੀਆਂ ਭਰ ਵਿਚ ਕੋਰੋਨਾਵਾਇਰਸ ਕਾਰਨ ਅਸ਼ਾਂਤੀ ਦਾ ਮਾਹੌਲ ਫੈਲਿਆ ਹੋਇਆ ਹੈ। ਸਾਰੀ ਦੁਨੀਆਂ ਦਾ ਧਿਆਨ ਡਾਕਟਰਾਂ ਤੇ ਵਿਗਿਆਨੀਆਂ ਵੱਲ ਲੱਗਾ ਹੋਇਆ ਹੈ। ਇਸ ਮੌਕੇ ਫਰੰਟਲਾਈਨ ਵਰਕਰਾਂ ਦਾ ਪ੍ਰਮੁੱਖ ਯੋਗਦਾਨ ਹੈ। ਜੋ ਦਿਨ-ਰਾਤ ਇਸ ਬਿਮਾਰੀ ਤੋਂ ਬਚਾਅ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਇਸ ਮੌਕੇ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਹਲਕੇ ਦੇ ਨਾਗਰਿਕ ਕੈਨੇਡੀਅਨ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਵੱਲੋਂ ਨਿਵੇਕਲਾ ਮਿਊਜ਼ਿਕ ਵੀਡਿਓ ‘ਨੇਚਰਜ਼ ਕੱਲਰ – ਰੰਗ ਨਿਆਰੇ ਕੁਦਰਤ ਦੇ” ਦਾ ਪੋਸਟਰ ਉਨ੍ਹਾਂ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਿਸ ਦੇ ਬੋਲ ਬਲਜਿੰਦਰ ਸੇਖਾ ਨੇ ਲਿਖੇ ਤੇ ਗਾਏ ਹਨ। ਸੰਗੀਤ ਰਣਜੀਤ ਸਿੰਘ ਗਿੱਲ, ਵੀਡਿਓ ਗੁਰਲਵਲੀਨ ਗਿੱਲ ਤੇ ਨਿਰਲੇਪ ਗਿੱਲ ਡਾਲਾ ਨੇ ਤਿਆਰ ਕੀਤਾ ਹੈ। ਪੱਗੜੀ ਕੋਚ ਨਾਜ਼ਰ ਸਿੰਘ ਤੇ ਰਘਬੀਰ ਕਾਹਲੋਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਬਾਬਾ ਜੀ ਇੰਟਰਪ੍ਰਾਈਜ਼ਸ ਕੈਨੇਡਾ ਤੇ ਸਾਰੰਗ ਸਟੂਡੀਓ ਦੀ ਪੇਸ਼ਕਸ਼ ਇਸ ਵਾਲੰਟੀਅਰ ਸੇਵਾ ਨੂੰ ਬੁੱਧੀਜੀਵੀ ਵਰਗ ਵੱਲੋਂ ਭਰਪੂਰ ਪਸੰਦ ਕੀਤਾ ਗਿਆ ਹੈ। ਇਸ ਵੀਡਿਓ ਵਿਚ ਜਿੱਥੇ ਡਾਕਟਰਾਂ, ਨਰਸਾਂ, ਵਿਗਿਆਨ ਦਾ ਮਾਨਵਤਾ ਨੂੰ ਬਚਾਉਣ ਲਈ ਧੰਨਵਾਦ ਕੀਤਾ ਗਿਆ ਹੈ। ਉੱਥੇ ਇਸ ਔਖੇ ਸਮੇਂ ‘ਤੇ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਤੇ ਸਿੱਖ ਕੌਮ ਵੱਲੋਂ ਹੁਣ ਬਿਪਤਾ ਸਮੇਂ ਲਾਏ ਗਏ ਦੁਨੀਆਂ ਭਰ ਵਿਚ ਲੰਗਰ ਦੀ ਮਹਾਨ ਪ੍ਰਥਾ ਨੂੰ ਸਿਜਦਾ ਕੀਤਾ ਗਿਆ ਹੈ। ਇਸ ਵਿਚ ਸਤਿਨਾਮ ਵਾਹਿਗੁਰੂ ਸਿਮਰਨ ਸੁਣਕੇ ਮਨ ਨੂੰ ਸਾਂਤੀ ਮਿਲਦੀ ਹੈ। ਸਾਰੇ ਦਰਸ਼ਕਾਂ ਸਰੋਤਿਆਂ ਵੱਲੋਂ ਇਸ ਨਿਵੇਕਲੀ ਕੋਸ਼ਿਸ਼ ਨੂੰ ਪਸੰਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਸਾਰੀ ਦੁਨੀਆਂ ਉਨ੍ਹਾਂ ਵਾਂਗ ਤੰਦਰੁਸਤ ਤੇ ਆਮ ਵਰਗੀ ਜ਼ਿੰਦਗੀ ਜੀਵੇਗੀ। ਬੀਬੀ ਖੈਰਾ ਨੇ ਬਲਜਿੰਦਰ ਸੇਖਾ ਤੇ ਰਣਜੀਤ ਸਿੰਘ ਗਿੱਲ ਤੇ ਟੀਮ ਦੀ ਇਸ ਗੀਤ ਤੇ ਸੰਗੀਤ ਦੀ ਪ੍ਰਸ਼ੰਸਾ ਕੀਤੀ।


Share