ਕੋਰੋਨਾਵਾਇਰਸ; ਡਬਲਯੂ.ਐੱਚ.ਓ. ਤੇ ਕੌਮਾਂਤਰੀ ਭਾਈਚਾਰੇ ਨੂੰ ਗਲਤ ਜਾਣਕਾਰੀ ਦੇਣ ਦੇ ਚੀਨ ਨੂੰ ਭੁਗਤਣੇ ਪੈਣਗੇ ਬੁਰੇ ਨਤੀਜੇ : ਟਰੰਪ

804
Share

ਵਾਸ਼ਿੰਗਟਨ, 14 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ਼ਾਰਿਆਂ ‘ਚ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਡਬਲਿਊ.ਐੱਚ.ਓ. ਅਤੇ ਕੌਮਾਂਤਰੀ ਭਾਈਚਾਰੇ ਨੂੰ ਕਥਿਤ ਤੌਰ ‘ਤੇ ਗਲਤ ਜਾਣਕਾਰੀ ਦੇਣ ਦੇ ਬੁਰੇ ਨਤੀਜੇ ਚੀਨ ਨੂੰ ਭੁਗਤਣੇ ਪੈਣਗੇ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਣਾ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਤਕਰੀਬਨ 19 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ‘ਚ ਹਨ।
ਵ੍ਹਾਈਟ ਹਾਊਸ ‘ਚ ਸੋਮਵਾਰ ਨੂੰ ਇਕ ਪੱਤਰਕਾਰ ਸੰਮੇਲਨ ‘ਚ ਇਕ ਪੱਤਰਕਾਰ ਨੇ ਟਰੰਪ ਨੂੰ ਵਾਰ-ਵਾਰ ਸਵਾਲ ਕੀਤਾ ਕਿ ਇਸ ਦੇ ਲਈ ਚੀਨ ਕੋਈ ਬੁਰੇ ਨਤੀਜੇ ਕਿਉਂ ਨਹੀਂ ਭੁਗਤ ਰਿਹਾ? ਇਸ ਬਾਰੇ ਵਾਰ-ਵਾਰ ਸਵਾਲ ਕੀਤੇ ਜਾਣ ‘ਤੇ ਟਰੰਪ ਨੇ ਕਿਹਾ, ”ਤੁਹਾਨੂੰ ਕਿਵੇਂ ਪਤਾ, ਇਸ ਦੇ ਬੁਰੇ ਨਤੀਜੇ ਨਹੀਂ ਹਨ?…ਮੈਂ ਤੁਹਾਨੂੰ ਨਹੀਂ ਦੱਸਾਂਗਾ। ਚੀਨ ਨੂੰ ਪਤਾ ਲੱਗ ਜਾਵੇਗਾ। ਮੈਂ ਤੁਹਾਨੂੰ ਕਿਉਂ ਦੱਸਾਂਗਾ?”
ਚੀਨ ਦੇ ਖਿਲਾਫ ਅਮਰੀਕੀ ਸੰਸਦਾਂ ਦੀਆਂ ਟਿੱਪਣੀਆਂ ਵਿਚਕਾਰ ਟਰੰਪ ਨੇ ਕਿਹਾ, ”ਤੁਹਾਨੂੰ ਪਤਾ ਲੱਗ ਜਾਵੇਗਾ।” ਸੈਨੇਟਰ ਸਟੀਵ ਡੇਨਸ ਨੇ ਟਰੰਪ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਅਮਰੀਕੀ ਸਰਕਾਰ ਚੀਨ ਤੋਂ ਮੈਡੀਕਲ ਸਪਲਾਈ ਅਤੇ ਹੋਰ ਸਮਾਨ ‘ਤੇ ਨਿਰਭਰਤਾ ਨੂੰ ਖਤਮ ਕਰੇ ਅਤੇ ਅਮਰੀਕਾ ‘ਚ ਦਵਾਈਆਂ ਬਣਾਉਣ ਸਬੰਧੀ ਨੌਕਰੀਆਂ ਵਾਪਸ ਲੈ ਕੇ ਆਏ। ਰੀਪਬਲਿਕਨ ਪਾਰਟੀ ਦੇ ਚਾਰ ਸੰਸਦ ਮੈਂਬਰਾਂ ਨੇ ਵੀ ਚੀਨ ‘ਤੇ ਨਿਰਭਰਤਾ ਘੱਟ ਕਰਨ ਲਈ ਸੋਮਵਾਰ ਨੂੰ ਇਕ ਬਿੱਲ ਪੇਸ਼ ਕੀਤਾ ਸੀ।
ਟਰੰਪ ਨੇ ਕਿਹਾ ਕਿ ਉਹ ਦੇਸ਼ ਨੂੰ ਦੋਬਾਰਾ ਖੋਲ੍ਹਣ ਦੀ ਯੋਜਨਾ ਦੇ ਬੇਹੱਦ ਨੇੜੇ ਹਨ। ਕੋਰੋਨਾਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਦੇਸ਼ ‘ਚ 30 ਅਪ੍ਰੈਲ ਤੱਕ ਸਮਾਜਿਕ ਦੂਰੀ ਬਣਾਈ ਰੱਖਣ ਲਈ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਹਨ। ਇਸ ਭਿਆਨਕ ਵਾਇਰਸ ਨਾਲ ਦੇਸ਼ ਦੀ 95 ਫੀਸਦੀ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ। ਟਰੰਪ ਨੇ ਕਿਹਾ, ”ਮੈਂ ਆਪਣੀ ਟੀਮ ਅਤੇ ਉੱਚ ਮਾਹਿਰਾਂ ਨਾਲ ਇਸ ਬਾਰੇ ਗੱਲ ਕਰ ਰਿਹਾ ਹਾਂ।
ਉਨ੍ਹਾਂ ਕਿਹਾ, ”ਮੇਰੇ ਪ੍ਰਸ਼ਾਸਨ ਦੀ ਯੋਜਨਾ ਅਤੇ ਦਿਸ਼ਾ-ਨਿਰਦੇਸ਼ ਅਮਰੀਕਾ ਦੇ ਲੋਕਾਂ ਨੂੰ ਸਾਧਾਰਣ ਜੀਵਨ ਸ਼ੁਰੂ ਕਰਨ ਦਾ ਆਤਮ ਵਿਸ਼ਵਾਸ ਦੇਣਗੇ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ।” ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦੋਬਾਰਾ ਖੁੱਲ੍ਹ ਜਾਵੇ ਤੇ ਲੋਕ ਫਿਰ ਸਾਧਾਰਣ ਜ਼ਿੰਦਗੀ ਜਿਊਣੀ ਸ਼ੁਰੂ ਕਰਨ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਸਫਲਤਾਪੂਰਵਕ ਦੇਸ਼ ਨੂੰ ਖੋਲ੍ਹਣਗੇ।


Share