ਕੋਰੋਨਾਵਾਇਰਸ : ਜਲੰਧਰ ਜ਼ਿਲ੍ਹੇ ‘ਚ 107 ਨਵੇਂ ਮਾਮਲੇ ਆਏ ਸਾਹਮਣੇ

593
Share

ਜਲੰਧਰ, 23 ਅਗਸਤ (ਪੰਜਾਬ ਮੇਲ)- ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਜ਼ਿਲ੍ਹਾ ਜਲੰਧਰ ‘ਚ ਜਿੱਥੇ ਕੋਰੋਨਾ ਨੇ ਦੋ ਹੋਰ ਮਰੀਜ਼ਾਂ ਦੀ ਜਾਨ ਲੈ ਲਈ, ਉਥੇ ਹੀ 107 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਕੋਰੋਨਾ ਕਾਰਨ ਮਰਨ ਵਾਲੇ ਦੀ ਪਛਾਣ ਅਵਤਾਰ ਨਗਰ ਦੇ ਰਹਿਣ ਵਾਲੇ 67 ਸਾਲਾ ਬਜ਼ੁਰਗ ਵਜੋਂ ਹੋਈ ਹੈ। ਇਸ ਦੇ ਇਲਾਵਾ ਇਕ ਔਰਤ ਦੀ ਵੀ ਕੋਰੋਨਾ ਕਾਰਨ ਮੌਤ ਹੋਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਮੈਡੀਕਲ ਕਾਲਜ ਤੋਂ ਪਹਿਲਾਂ ਸਵੇਰੇ 39 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਅਤੇ ਦੁਪਹਿਰ ਬਾਅਦ 38 ਹੋਰ ਪਾਜ਼ੀਟਿਵ ਕੇਸ ਪਾਏ ਗਏ।
ਇਥੇ ਇਹ ਵੀ ਦੱਸ ਦੇਈਏ ਕਿ ਲੋਹੀਆਂ ਖਾਸ ਵਿਖੇ ਕੋਰੋਨਾ ਪਾਜ਼ੀਟਿਵ ਪੀੜਤ ਜਸਵੰਤ ਸਿੰਘ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਹੈ, ਜੋ ਕਿ ਘਰ ‘ਚ ਹੀ ਇਕਾਂਤਵਾਸ ਸੀ। ਇਸ ਦੀ ਪੁਸ਼ਟੀ ਐੱਸ.ਐੱਮ.ਓ. ਦਵਿੰਦਰ ਸਿੰਘ ਸਮਰਾ ਵੱਲੋਂ ਕੀਤੀ ਗਈ ਹੈ।
ਪੰਜਾਬ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 3190, ਲੁਧਿਆਣਾ 8508, ਜਲੰਧਰ 5259, ਮੋਹਾਲੀ ‘ਚ 2561, ਪਟਿਆਲਾ ‘ਚ 4713, ਹੁਸ਼ਿਆਰਪੁਰ ‘ਚ 1022, ਤਰਨਾਰਨ 655, ਪਠਾਨਕੋਟ ‘ਚ 877, ਮਾਨਸਾ ‘ਚ 379, ਕਪੂਰਥਲਾ 845, ਫਰੀਦਕੋਟ 788, ਸੰਗਰੂਰ ‘ਚ 1866, ਨਵਾਂਸ਼ਹਿਰ ‘ਚ 573, ਰੂਪਨਗਰ 675, ਫਿਰੋਜ਼ਪੁਰ ‘ਚ 1521, ਬਠਿੰਡਾ 1682, ਗੁਰਦਾਸਪੁਰ 1360, ਫਤਿਹਗੜ੍ਹ ਸਾਹਿਬ ‘ਚ 869, ਬਰਨਾਲਾ 877, ਫਾਜ਼ਿਲਕਾ 633 ਮੋਗਾ 1114, ਮੁਕਤਸਰ ਸਾਹਿਬ 621 ਕੇਸ ਪਾਏ ਹਨ, ਜਦਕਿ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 1059 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share