ਕੋਰੋਨਾਵਾਇਰਸ : ਚੀਨ ਵਿਚ ਮ੍ਰਿਤਕਾਂ ਦਾ ਅੰਕੜਾ 2912 ਪਹੁੰਚਿਆ, ਈਰਾਨ ‘ਚ ਮੌਤਾਂ ਦੀ ਗਿਣਤੀ 54 ਹੋਈ

712
Share

ਮਿਲਾਨ, 2 ਮਾਰਚ (ਪੰਜਾਬ ਮੇਲ)- ਚੀਨ ਵਿਚ 35 ਲੋਕਾਂ ਦੀ ਮੌਤਾਂ ਦੇ ਨਾਲ ਮ੍ਰਿਤਕਾਂ ਦਾ ਅੰਕੜਾ 2912 ਪਹੁੰਚ ਗਿਆ ਹੈ। 573 ਨਵੇਂ ਮਾਮਲਿਆਂ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ 80 ਹਜ਼ਾਰ ਹੋ ਗਈ ਹੈ। ਦੂਜੇ ਨੰਬਰ ‘ਤੇ ਈਰਾਨ ਹੈ ਜਿੱਥੇ ਮ੍ਰਿਤਕਾਂ ਦੀ ਗਿਣਤੀ 54 ਹੋ ਗਈ।ਦੁਨੀਆ ਦੇ ਕਈ ਦੇਸ਼ਾਂ ਵਿਚ ਮਹਾਂਮਾਰੀ ਜਿਹਾ ਸੰਕਟ ਬਣ ਚੁੱਕੇ ਕੋਰੋਨਾ ਵਾਇਰਸ ਦਾ ਖੌਫ ਵਧਦਾ ਹੀ ਜਾ ਰਿਹਾ ਹੈ। ਪ੍ਰਭਾਵਤ ਦੇਸ਼ਾਂ ਵਿਚ ਨਾ ਸਿਰਫ ਪੀੜਤ ਮਰੀਜ਼ਾਂ ਦੀ ਗਿਣਤ ਵਧ ਰਹੀ ਹੈ। ਬਲਕਿ ਮ੍ਰਿਤਕਾਂ ਦਾ ਅੰਕੜਾ ਵੀ ਵਧ ਰਿਹਾ ਹੈ। ਈਰਾਨ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ 11 ਹੋਰ ਲੋਕਾਂ ਦੀ ਮੌਤ ਹੋ ਗਈ। ਈਰਾਨ ਵਿਚ ਹੁਣ ਤੱਕ ਕੋਰੋਨਾ ਨਾਲ 54 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਈਰਾਨ ਵਿਚ ਤੇਜ਼ੀ ਨਾਲ ਫੈਲਦੇ ਕੋਰੋਨਾ ਵਾਇਰਸ ਕਾਰਨ ਉਥੇ ਫਸੇ ਭਾਰਤੀਆਂ ਦੇ ਲਈ ਮੁਸਕਲਾਂ ਖੜ੍ਹੀ ਹੋ ਗਈਆਂ ਹਨ। ਕੇਂਦਰ ਸਰਕਾਰ ਨੇ ਐਤਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਛੇਤੀ ਹੀ ਵਾਪਸ ਲਿਆਇਆ ਜਾਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਸਰਕਾਰ ਈਰਾਨੀ ਪ੍ਰਸ਼ਾਸਨ ਨੂੰ ਦੱਸ ਕੇ ਅਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਵਿਚ ਹੈ। ਉਨਾਂ ਦੱਸਿਆ ਕਿ ਰਾਜਦੂਤ ਡੀ ਗੱਦਾਮ ਨੂੰ ਫਸੇ ਹੋਏ ਲੋਕਾਂ ਦੇ ਬਾਰੇ ਵਿਚ ਪੂਰੀ ਜਾਣਕਾਰੀ ਰੱਖਣ ਲਈ ਕਿਹਾ ਗਿਆ ਹੈ। ਨਾਲ ਹੀ ਵਿਦੇਸ਼ ਮੰਤਰੀ ਖੁਦ ਨਿੱਜੀ ਤੌਰ ‘ਤੇ ਇਸ ‘ਤੇ ਨਜ਼ਰ ਰੱਖੇ ਹੋਏ ਹਨ। ਦੂਜੇ ਪਾਸੇ ਸ਼ਨਿੱਚਰਵਾਰ ਸ਼ਾਮ ਤੱਕ ਚੀਨ ਸਣੇ ਦੁਨੀਆ ਭਰ ਵਿਚ ਮ੍ਰਿਤਕਾਂ ਦੀ ਗਿਣਤੀ  3 ਹਜ਼ਾਰ ਤੱਕ ਪਹੁੰਚ ਗਈ। ਜਦ ਕਿ 87 ਹਜ਼ਾਰ ਲੋਕ ਪੀੜਤ ਹਨ। ਚੀਨ ਵਿਚ ਮਰੀਜ਼ ਘਟੇ ਹਨ, ਲੇਕਿਨ ਦੁਨੀਆ ਭਰ ਵਿਚ ਵਧ ਰਹੇ ਹਨ। ਹਾਲਾਂਕਿ 40 ਹਜ਼ਾਰ ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਦੋ ਅਤੇ ਆਸਟ੍ਰੇਲੀਆ ਵਿਚ ਪਹਿਲੀ ਮੌਤ ਹੋਈ ਹੈ।


Share