ਕੋਰੋਨਾਵਾਇਰਸ: ਚੀਨ ਨੂੰ ਸਬਕ ਸਿਖਾਉਣ ਲਈ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲ ਕਰ ਰਿਹੈ ਤਿਆਰੀ!

852

ਡਬਲਿਊ.ਐੱਚ.ਓ. ਦੀ ਫੰਡਿੰਗ ਰੋਕਣ ਦੇ ਮਾਮਲੇ ‘ਚ ਘਿਰੇ ਟਰੰਪ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਖਿਚੋਤਾਣ ਵਧਦੀ ਜਾ ਰਹੀ ਹੈ। ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲ ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ‘ਚ ਲੱਗਾ ਹੈ। ਅਮਰੀਕਾ ਸਣੇ ਬ੍ਰਿਟੇਨ, ਆਸਟੇਰਲੀਆ ਅਤੇ ਜਰਮਨੀ ਦੇ ਨੇਤਾ ਲਗਾਤਾਰ ਕਹਿ ਰਹੇ ਹਨ ਕਿ ਜੇਕਰ ਚੀਨ ਸ਼ੁਰੂਆਤੀ ਪੜਾਅ ‘ਚ ਵਾਇਰਸ ਦੇ ਸਬੰਧ ‘ਚ ਜਾਣਕਾਰੀ ਦੇਣ ‘ਚ ਪਾਰਦਰਸ਼ਿਤਾ ਰੱਖਦਾ, ਤਾਂ ਇੰਨੀ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਅਤੇ ਗਲੋਬਲ ਅਰਥਵਿਵਸਥਾ ਨੂੰ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਬੀਤੇ ਕੁਝ ਦਿਨਾਂ ਤੋਂ ਕਈ ਦੇਸ਼ ਕੋਰੋਨਾ ਨਾਲ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਤੋਂ ਮੁਆਵਜ਼ੇ ਦੀ ਮੰਗ ਕਰ ਚੁੱਕੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਚੀਨ ਤੋਂ ਵੱਡੇ ਮੁਆਵਜ਼ੇ ਦੀ ਮੰਗ ਦੇ ਸੰਕੇਤ ਦਿੱਤੇ ਹਨ। ਜਰਮਨੀ ਵੱਲੋਂ ਚੀਨ ਤੋਂ 140 ਅਰਬ ਡਾਲਰ ਮੁਆਵਜ਼ਾ ਮੰਗਣ ਦੇ ਕਦਮ ‘ਤੇ ਟਰੰਪ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜਰਮਨੀ ਜਿੰਨੇ ਮੁਆਵਜ਼ੇ ਦੀ ਗੱਲ ਕਰ ਰਿਹਾ ਹੈ, ਅਸੀਂ ਉਸ ਤੋਂ ਕਿਤੇ ਵੱਡੀ ਰਾਸ਼ੀ ਦੀ ਗੱਲ ਕਰ ਰਹੇ ਹਾਂ। ਅਸੀਂ ਹਾਲੇ ਤੱਕ ਅੰਤਿਮ ਰਾਸ਼ੀ ਨਿਰਧਾਰਿਤ ਨਹੀਂ ਕੀਤੀ ਹੈ ਪਰ ਇਹ ਕਾਫੀ ਵੱਡੀ ਰਾਸ਼ੀ ਹੋਣ ਵਾਲੀ ਹੈ। ਟਰੰਪ ਨੇ ਕਿਹਾ ਚੀਨ ਨੂੰ ਇਸ ਵਾਇਰਸ ਦੇ ਫਲਾਅ ਲਈ ਜ਼ਿੰਮੇਵਾਰ ਠਹਿਰਾਉਣ ਦੇ ਹੋਰ ਕਈ ਰਸਤੇ ਹਨ। ਅਮਰੀਕਾ ਚੀਨ ਖਿਲਾਫ ‘ਬੇਹੱਦ ਗੰਭੀਰਤਾ’ ਨਾਲ ਜਾਂਚ ਕਰ ਰਿਹਾ ਹੈ।
ਅਮਰੀਕਾ ‘ਚ ਡਬਲਿਊ.ਐੱਚ.ਓ. ਦੀ ਫੰਡਿੰਗ ਰੋਕਣ ਦੇ ਮਾਮਲੇ ‘ਚ ਸਿਆਸਤ ਸ਼ੁਰੂ ਹੋ ਗਈ ਹੈ। ਅਮਰੀਕਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਫੈਸਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਡਬਲਿਊ.ਐੱਚ.ਓ. ਦੀ ਫੰਡਿੰਗ ਰੋਕਣ ਦਾ ਐਲਾਨ ਕੀਤਾ ਗਿਆ ਸੀ। ਕਮੇਟੀ ਦੇ ਪ੍ਰਧਾਨ ਐਲਿਅਟ ਐਂਗੇਲ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਲਿਖੇ ਪੱਤਰ ‘ਚ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਗਲੋਬਲ ਮਹਾਮਾਰੀ ਦੌਰਾਨ ਡਬਲਿਊ.ਐੱਚ.ਓ. ਲਈ ਫੰਡਿੰਗ ਰੋਕਣ ਦਾ ਫੈਸਲਾ ਉਲਟਾ ਹੈ। ਇਹ ਫੈਸਲਾ ਦੁਨੀਆਂ ਦੀ ਜਾਨ ਨੂੰ ਖਤਰੇ ‘ਚ ਪਾਉਂਦਾ ਹੈ।

ਜਾਂਚ ਨਾਲ ਕੁਝ ਹਾਸਲ ਨਹੀਂ ਹੋਵੇਗਾ : ਚੀਨ
ਕੋਰੋਨਾਵਾਇਰਸ ਦੇ ਸੋਰਸ ਦੀ ਜਾਂਚ ਨੂੰ ਲੈ ਕੇ ਵਧਦੇ ਅੰਤਰਰਾਸ਼ਟਰੀ ਦਬਾਅ ਨਾਲ ਘਿਰੇ ਚੀਨ ਨੇ ਜਾਂਚ ਦੀਆਂ ਮੰਗਾਂ ਨੂੰ ਬੇਤੁਕਾ ਕਰਾਰ ਦੇ ਕੇ ਕਿਹਾ ਕਿ ਅਜਿਹੀ ਜਾਂਚ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਅਤੀਤ ‘ਚ ਅਜਿਹੀ ਮਹਾਮਾਰੀ ਦੀ ਜਾਂਚ ਦੇ ਕੋਈ ਠੋਸ ਨਤੀਜੇ ਨਹੀਂ ਆਏ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਗੇਂਗ ਸ਼ੁਆਂਗ ਨੇ ਕਿਹਾ ਕਿ ਪਹਿਲਾਂ ਵੀ ਅਜਿਹੇ ਵਾਇਰਸਾਂ ਦੀ ਜਾਂਚ ਨਾਲ ਬਹੁਤ ਜ਼ਿਆਦਾ ਹਾਸਲ ਨਹੀਂ ਹੋਇਆ।