ਕੋਰੋਨਾਵਾਇਰਸ ਗਰਮੀ ਦੇ ਮੌਸਮ ‘ਚ ਖਤਮ ਹੋਣ ਦੀ ਗੱਲ ਮੰਨਣਾ ਹੋਵੇਗੀ ਵੱਡੀ ਭੁੱਲ : ਡਬਲਯੂ.ਐੱਚ.ਓ.

739
Share

ਜਿਨੇਵਾ, 7 ਮਾਰਚ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ (ਕੋਵਿਡ-19) ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਡਬਲਿਊ.ਐਚ.ਓ. ਮੁਤਾਬਕ ਇਹ ਮੰਨ ਲੈਣਾ ਵੱਡੀ ਭੁੱਲ ਹੋਵੇਗੀ ਕਿ ਗਰਮੀ ਦੇ ਮੌਸਮ ਵਿਚ ਇਹ ਜਾਨਲੇਵਾ ਵਾਇਰਸ ਖਤਮ ਹੋ ਜਾਵੇਗਾ। ਸੰਗਠਨ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਸਾਰੇ ਦੇਸ਼ਾਂ ਨੂੰ ਇਸ ਬਾਰੇ ਸਾਵਧਾਨ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇਕਰ ਗਰਮੀ ਵਿਚ ਇਹ ਵਾਇਰਸ ਖਤਮ ਹੋ ਜਾਂਦਾ ਹੈ ਤਾਂ ਇਹ ਭਗਵਾਨ ਦੇ ਵਰਦਾਨ ਵਾਂਗ ਹੋਵੇਗਾ।

ਸੀ.ਐਨ.ਬੀ.ਸੀ. ਵਿਚ ਛਪੀ ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ ਡਾਇਰੈਕਟਰ ਮਾਈਕ ਰਾਇਨ ਨੇ ਸ਼ੁੱਕਰਵਾਰ ਨੂੰ ਜਿਨੇਵਾ ਵਿਚ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਦੀ ਸਮਰਥਾ ਵਧ ਰਹੀ ਹੈ ਤੇ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇਹ ਮੌਸਮੀ ਇਨਫੈਕਸ਼ਨ ਹੈ ਤੇ ਗਰਮੀਆਂ ਵਿਚ ਆਪਣੇ-ਆਪ ਗਾਇਬ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਡੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਫਲੂ ਤੇ ਇਨਫਲੂਏਂਜਾ ਜਿਹੇ ਇਨਫੈਕਸ਼ਨ ਮੌਸਮੀ ਹੁੰਦੇ ਹਨ ਤੇ ਗਰਮੀਆਂ ਵਿਚ ਇਹਨਾਂ ਦਾ ਅਸਰ ਨਾ ਦੇ ਬਰਾਬਰ ਰਹਿੰਦਾ ਹੈ ਪਰ ਕੋਰੋਨਾਵਾਇਰਸ ਦੇ ਬਾਰੇ ਵਿਚ ਇਹ ਨਹੀਂ ਕਿਹਾ ਜਾ ਸਕਦਾ ਹੈ।

ਦੱਸ ਦਈਏ ਕਿ ਕੋਵਿਡ-19 ਨੂੰ ਲੈ ਕੇ ਅਮਰੀਕੀ ਮਾਹਰਾਂ ਨੇ ਕਿਹਾ ਸੀ ਕਿ ਇਹ ਜਾਨਲੇਵਾ ਵਾਇਰਸ ਗਰਮੀਆਂ ਵਿਚ ਆਪਣੇ-ਆਪ ਹੀ ਗਾਇਬ ਹੋ ਜਾਵੇਗਾ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੀ ਡਾਇਰੈਕਟਰ ਡਾ. ਨੈਂਸੀ ਮੇਸੋਨੀਅਰ ਮੁਤਾਬਕ ਫਲੂ ਤੇ ਇਨਫਲੂਏਂਜਾ ਜਿਹੀਆਂ ਸਾਹ ਸਬੰਧੀ ਬੀਮਾਰੀਆਂ ਦੇ ਮਾਮਲੇ ਵਿਚ ਦੇਖਿਆ ਗਿਆ ਹੈ ਕਿ ਇਹ ਗਰਮੀਆਂ ਦੇ ਮੌਸਮ ਵਿਚ ਆਪਣੇ-ਆਪ ਗਾਇਬ ਹੋ ਜਾਂਦੀਆਂ ਹਨ। ਇਸ ਦੇ ਮੱਦੇਨਜ਼ਰ ਉਮੀਦ ਕੀਤੀ ਜਾ ਸਕਦੀ ਹੈ ਕਿ ਕੋਰੋਨਾਵਾਇਰਸ ਜੁਲਾਈ ਤੱਕ ਖੁਦ ਹੀ ਖਤਮ ਹੋ ਜਾਵੇਗਾ ਪਰ ਵਿਸ਼ਵ ਸਿਹਤ ਸੰਗਠਨ ਨੇ ਇਸ ਰਾਇ ਦਾ ਜ਼ੋਰਦਾਰ ਖੰਡਨ ਕੀਤਾ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਜੇ ਤੱਕ ਕੋਰੋਨਾਵਾਇਰਸ ਦੇ ਵਿਵਹਾਰ ਦੇ ਬਾਰੇ ਵਿਚ ਸਾਨੂੰ ਕੁਝ ਵੀ ਨਹੀਂ ਪਤਾ ਹੈ। ਇਹ ਇਨਫਲੂਏਂਜਾ ਦੇ ਵਾਇਰਸ ਵਾਂਗ ਨਹੀਂ ਹੈ। ਇਹ ਅਨੋਖਾ ਵਾਇਰਸ ਹੈ, ਇਸ ਲਈ ਇਹ ਅਜੇ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਵੇਂ ਵਿਵਹਾਰ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਕਈ ਦੇਸ਼ਾਂ ਵਿਚ ਵਾਇਰਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਨਹੀਂ ਹਨ। ਇਹੀ ਕਾਰਨ ਹੈ ਕਿ ਅਮਰੀਕਾ ਤੇ ਇਟਲੀ ਜਿਹੇ ਦੇਸ਼ਾਂ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਦੇਸ਼ਾਂ ਦੀ ਸਿਹਤ ਵਿਵਸਥਾ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

ਦੱਸ ਦਈਏ ਕਿ ਹੁਣ ਤੱਕ ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਦੇ ਇਕ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਵਿਚ ਚੀਨ, ਈਰਾਨ, ਦੱਖਣੀ ਕੋਰੀਆ ਤੇ ਇਟਲੀ ਸ਼ਾਮਲ ਹਨ। ਅਮਰੀਕਾ ਵਿਚ 233 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਵਾਇਰਸ ਦੇ 32 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 20 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ। 


Share