ਕੋਰੋਨਾਵਾਇਰਸ: ਕੈਨੇਡਾ ‘ਚ ਵਾਇਰਸ ਨਾਲ 19 ਮੌਤਾਂ

683

-ਬੀ. ਸੀ. ਤੇ ਓਂਟਾਰੀਓ ‘ਚ ਸਭ ਤੋਂ ਵੱਧ ਖਤਰਾ
ਓਟਾਵਾ, 22 ਮਾਰਚ (ਪੰਜਾਬ ਮੇਲ)- ਜੌਨਸ ਹਾਪਕਿਨਜ਼ ਵਲੋਂ ਜਾਰੀ ਕੀਤੇ ਡਾਟਾ ਅਨੁਸਾਰ, ਵਿਸ਼ਵ ਭਰ ਵਿਚ ਹੁਣ ਕੋਵਿਡ-19 ਦੇ ਲਗਭਗ 3,12,000 ਮਾਮਲੇ ਹੋ ਗਏ ਹਨ। ਸੰਯੁਕਤ ਰਾਜ ਅਮਰੀਕਾ ਤੇ ਯੂਰਪ ਵਿਚ ਐਤਵਾਰ ਨੂੰ ਵਾਇਰਸ ਦੇ ਮਾਮਲੇ ਸਭ ਤੋਂ ਵਧ ਦਰਜ ਹੋਏ ਹਨ। ਯੂਰਪ ਤੇ ਵਿਸ਼ਵ ਭਰ ਵਿਚ ਇਟਲੀ ਵਿਚ ਦਿਨ ਪ੍ਰਤੀ ਦਿਨ ਸਭ ਤੋਂ ਵਧ ਤੇਜ਼ੀ ਨਾਲ ਵਾਇਰਸ ਪੈਰ ਪਸਾਰ ਰਿਹਾ ਹੈ। ਉੱਥੇ ਹੀ, ਕੈਨੇਡਾ ਦੇ ਸਿਹਤ ਮੰਤਰਾਲਾ ਮੁਤਾਬਕ ਉਨ੍ਹਾਂ ਦੇ ਦੇਸ਼ ਵਿਚ ਕੋਵਿਡ-19 ਦੇ ਮਾਮਲੇ 1,371 ਹੋ ਗਏ ਹਨ ਅਤੇ ਹੁਣ ਤੱਕ 19 ਲੋਕਾਂ ਦੀ ਮੌਤ ਹੋ ਗਈ ਹੈ।

ਬੀ. ਸੀ. : ਕੈਨੇਡਾ ਵਿਚ ਸਭ ਤੋਂ ਵੱਧ ਬਿ੍ਰਟਿਸ਼ ਕੋਲੰਬੀਆ (ਬੀ. ਸੀ.) ਪ੍ਰਭਾਵਿਤ ਹੈ, ਇਕੱਲੇ 424 ਮਾਮਲਿਆਂ ਦੀ ਪੁਸ਼ਟੀ ਇਸ ਸੂਬੇ ਵਿਚ ਹੋਈ ਹੈ। ਬੀ. ਸੀ. ਵਿਚ ਹੁਣ ਤਕ 10 ਮੌਤਾਂ ਹੋ ਚੁੱਕੀਆਂ ਹਨ ਜਦਕਿ 6 ਲੋਕ ਠੀਕ ਹੋਏ ਹਨ।

ਓਂਟਾਰੀਓ ਤੇ ਅਲਬਰਟਾ : ਓਂਟਾਰੀਓ ਵਿਚ 377 ਲੋਕ ਕੋਰੋਨਾ ਨਾਲ ਇਨਫੈਕਟਡ ਹਨ, ਜਦੋਂਕਿ 3 ਦੀ ਮੌਤ ਹੋ ਚੁੱਕੀ ਹੈ ਅਤੇ 6 ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਅਲਬਰਟਾ ਦੀ ਗੱਲ ਕਰੀਏ ਤਾਂ ਇੱਥੇ 1 ਦੀ ਮੌਤ ਤੇ ਨਾਲ ਹੀ 226 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਯੂਕੋਨ ਤੇ ਨੂਨਾਵਟ ਵਿਚ ਹੁਣ ਤੱਕ ਕੋਈ ਮਾਮਲਾ ਨਹੀਂ ਹੈ।

ਕਿਊਬਿਕ : ਇਸ ਸੂਬੇ ਵਿਚ ਪੀੜਤਾਂ ਦੀ ਗਿਣਤੀ 202 ਹੋ ਗਈ ਹੈ ਅਤੇ ਇੱਥੇ 5 ਮੌਤਾਂ ਹੋ ਚੁੱਕੀਆਂ ਹਨ। ਸਸਕੈਚਵਾਨ ਵਿਚ 25 ਮਾਮਲੇ ਪੁਸ਼ਟੀ ਵਾਲੇ ਹਨ, ਜਦੋਂ ਕਿ 19 ਸ਼ੱਕੀ ਹਨ। ਨੋਵਾ ਵਿਚ 9 ਕਨਫਰਮਡ ਤੇ 12 ਸੰਭਾਵਿਤ ਹਨ। ਮੈਨੀਟੋਬਾ ਵਿਚ 11 ਕਨਫਰਮਡ ਤੇ 8 ਸ਼ੱਕੀ ਮਾਮਲੇ ਹਨ। ਕੁੱਲ ਮਿਲਾ ਕੇ ਕੈਨੇਡਾ ਵਿਚ ਕੋਵਿਡ-19 ਦੇ 1,371 ਮਾਮਲੇ ਹੋ ਗਏ ਹਨ, ਜਿਸ ਵਿਚ 19 ਮੌਤਾਂ ਸਮੇਤ 1,302 ਕਨਫਰਮਡ ਮਾਮਲੇ ਅਤੇ 69 ਸੰਭਾਵਤ ਹਨ।