ਕੋਰੋਨਾਵਾਇਰਸ ਕਾਰਨ ਹੁਸ਼ਿਆਰਪੁਰ ‘ਚ 5ਵੀਂ ਮੌਤ

728

ਟਾਂਡਾ ਉੜਮੁੜ, 18 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਹੁਣ ਟਾਂਡਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਦੇ ਰਹਿਣ ਵਾਲੇ ਵਿਅਕਤੀ ਲਖਵਿੰਦਰ ਸਿੰਘ ਦੀ ਜਲੰਧਰ ਦੇ ਹਸਪਤਾਲ ‘ਚ ਮੌਤ ਹੋ ਗਈ। ਉਸ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਪਿੰਡ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਲਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਨੂੰ ਕਿਡਨੀ ਦੀ ਬੀਮਾਰੀ ਕਰਕੇ ਬੀਤੇ ਦਿਨੀਂ ਜਲੰਧਰ ਦੇ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ ਸੀ। ਇਥੋਂ ਉਸ ਨੂੰ ਸਰਕਾਰੀ ਹਸਪਤਾਲ ਜਲੰਧਰ ‘ਚ ਰੈਫਰ ਕਰ ਦਿੱਤਾ ਗਿਆ। ਇਥੇ ਇਲਾਜ ਦੌਰਾਨ ਬੀਤੀ ਰਾਤ ਉਸ ਦੀ ਮੌਤ ਹੋ ਗਈ। ਹਸਪਤਾਲ ਵੱਲੋਂ ਉਸ ਦੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਪਾਈ ਗਈ ਹੈ। ਹਸਪਤਾਲ ਪ੍ਰਬੰਧਕਾਂ ਵੱਲੋਂ ਲਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਪ੍ਰੇਸ਼ਾਨੀ ਵੱਧ ਗਈ।
ਜਾਣਕਾਰੀ ਅਨੁਸਾਰ ਸਿਹਤ ਮਹਿਮਕੇ ਦੀ ਟੀਮ ਵੱਲੋਂ ਪੂਰੀ ਸਖਤੀ ਦੇ ਨਾਲ ਮ੍ਰਿਤਕ ਦਾ ਪਿੰਡ ‘ਚ ਹੀ ਸੰਸਕਾਰ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਹੁਸ਼ਿਆਰਪੁਰ ‘ਚ ਕੋਰੋਨਾ ਕਾਰਨ ਹੋਈ ਪੰਜਵੀਂ ਮੌਤ ਹੈ, ਜਦਕਿ ਪੰਜਾਬ ‘ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 38 ਤੱਕ ਪਹੁੰਚ ਗਿਆ ਹੈ।