ਕੋਰੋਨਾਵਾਇਰਸ ਕਾਰਨ ਸੰਸਾਰ ‘ਚ ਮਚਿਆ ਤਹਿਲਕਾ

672
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਕੋਰੋਨਾਵਾਇਰਸ ਦਾ ਇਸ ਵੇਲੇ ਪੂਰੀ ਦੁਨੀਆਂ ‘ਚ ਤਹਿਲਕਾ ਮਚਿਆ ਹੋਇਆ ਹੈ। ਦੁਨੀਆਂ ਦੇ ਵੱਡੇ ਹਿੱਸੇ ਵਿਚ ਕੋਰੋਨਾਵਾਇਰਸ ਫੈਲ ਚੁੱਕਿਆ ਹੈ। ਦੁਨੀਆਂ ਦੇ ਕੁੱਲ 195 ਦੇਸ਼ਾਂ ਵਿਚੋਂ 157 ਦੇ ਕਰੀਬ ਦੇਸ਼ ਇਸ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਚੀਨ ਤੋਂ ਆਰੰਭ ਹੋ ਕੇ ਇਹ ਵਾਇਰਸ ਹੁਣ ਤੱਕ ਯੂਰਪੀਅਨ ਮੁਲਕਾਂ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਿਤ ਮੁਲਕਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਚੁੱਕਿਆ ਹੈ। ਚੀਨ ਤੋਂ ਬਾਅਦ ਇਟਲੀ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਇਸ ਵਾਇਰਸ ਕਾਰਨ ਸਭ ਤੋਂ ਵਧ ਮੌਤਾਂ ਹੋ ਰਹੀਆਂ ਹਨ। ਇਟਲੀ ‘ਚ ਹੁਣ ਤੱਕ 1800 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਬੀਤੇ ਦਿਨੀਂ ਇਕੋ ਦਿਨ ‘ਚ 368 ਲੋਕ ਮਾਰੇ ਗਏ। ਅਮਰੀਕਾ ਵਿਚ ਵੀ ਮਰਨ ਵਾਲੀਆਂ ਦੀ ਗਿਣਤੀ 100 ਹੋ ਗਈ ਹੈ। ਇਸ ਵੇਲੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੁਨੀਆਂ ਦੇ ਬਹੁਤੇ ਦੇਸ਼ਾਂ ਵੱਲੋਂ ਇਸ ਭਿਆਨਕ ਵਾਇਰਸ ਨੂੰ ਮਹਾਮਾਰੀ ਐਲਾਨ ਕੇ ਵਿਆਪਕ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਵੀ ਇਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ।
ਕੋਰੋਨਾਵਾਇਰਸ ਇਕ ਕੁਦਰਤੀ ਆਫਤ ਹੀ ਸਮਝੀ ਜਾ ਰਹੀ ਹੈ। ਪਰ ਇਸ ਵਾਇਰਸ ਦਾ ਆਕਾਰ ਅਤੇ ਮਾਰੂ ਅਸਰ ਇੰਨਾ ਵਿਆਪਕ ਤੇ ਭਿਆਨਕ ਹੈ ਕਿ ਮਨੁੱਖੀ ਸਿਹਤ ਦੇ ਨਾਲ-ਨਾਲ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਤਹਿਲਕਾ ਮਚਾ ਦਿੱਤਾ ਹੈ, ਜਿਸ ਨਾਲ ਮਨੁੱਖ ਦੀ ਹਰ ਤਰ੍ਹਾਂ ਦੀ ਸਰਗਰਮੀ ਪ੍ਰਭਾਵਿਤ ਹੋਈ ਨਜ਼ਰ ਆ ਰਹੀ ਹੈ। ਦੁਨੀਆਂ ਅੰਦਰ ਹਵਾਈ ਸੇਵਾਵਾਂ ਰਾਹੀਂ ਹਰ ਰੋਜ਼ ਲੱਖਾਂ ਲੋਕ ਸਫਰ ਕਰਦੇ ਸਨ। ਦੁਨੀਆਂ ਦੇ ਕਾਰੋਬਾਰ ਅਤੇ ਸਮਾਜਿਕ ਸਰਗਰਮੀ ਵਿਚ ਹਵਾਈ ਸੇਵਾਵਾਂ ਦਾ ਇਸ ਵੇਲੇ ਵੱਡਾ ਯੋਗਦਾਨ ਹੈ। ਪਰ ਕੋਰੋਨਾਵਾਇਰਸ ਨਾਲ ਹਵਾਈ ਸੇਵਾ ਦਾ ਲੱਕ ਟੁੱਟ ਕੇ ਰਹਿ ਗਿਆ ਹੈ। ਪੂਰੇ ਯੂਰਪ ਤੋਂ ਅਮਰੀਕਾ ਨੂੰ ਜਾਣ ਵਾਲੀਆਂ ਸਾਰੀਆਂ ਹਵਾਈ ਸੇਵਾਵਾਂ ਬੰਦ ਹਨ। ਇਸੇ ਤਰ੍ਹਾਂ ਚੀਨ ਨੂੰ ਆਉਣ ਅਤੇ ਜਾਣ ਵਾਲਾ ਸਾਰਾ ਹਵਾਈ ਟ੍ਰੈਫਿਕ ਠੱਪ ਹੈ। ਬਾਕੀ ਮੁਲਕਾਂ ਵਿਚ ਵੀ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। 
ਵੱਖ-ਵੱਖ ਮੁਲਕਾਂ ਵਿਚ ਹੋਣ ਵਾਲੇ ਸੰਮੇਲਨ ਅਤੇ ਮੀਟਿੰਗਾਂ ਇਸ ਵੇਲੇ ਮੁਲਤਵੀ ਕੀਤੀਆਂ ਹੋਈਆਂ ਹਨ। ਵਾਇਰਸ ਦੇ ਭੈਅ ਅਤੇ ਡਰ ਕਾਰਨ ਪੂਰੀ ਦੁਨੀਆਂ ਅੰਦਰ ਵੱਡੇ ਮਾਲ, ਸਿਨੇਮਾ, ਸਕੂਲ, ਕਾਲਜ, ਜਿੰਮ ਅਤੇ ਸਭ ਕਿਸਮ ਦੀਆਂ ਰੈਲੀਆਂ, ਕਾਨਫਰੰਸਾਂ ‘ਤੇ ਪਾਬੰਦੀ ਹੈ। ਇੱਥੋਂ ਤੱਕ ਕਿ ਜਨਤਕ ਥਾਵਾਂ ਉਪਰ ਬਹੁਤ ਹੀ ਘੱਟ ਲੋਕ ਘੁੰਮਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਸਨਅਤੀ ਅਦਾਰਿਆਂ, ਵੱਡੀਆਂ ਕੰਪਨੀਆਂ ਦੇ ਦਫਤਰਾਂ ਅਤੇ ਹੋਰ ਕਾਰੋਬਾਰਾਂ ਵਿਚ ਕਾਮਿਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਘੱਟ ਗਈ ਹੈ। 
ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ ਕੋਰੋਨਾਵਾਇਰਸ ਦੇ ਭੈਅ ਤੋਂ ਪੈਦਾ ਹੋਈ ਪੈਨਿਕ ਕਾਰਨ ਲੋਕ ਸਟੋਰਾਂ ਤੋਂ ਲੋੜ ਤੋਂ ਵਾਧੂ ਸਾਮਾਨ ਚੁੱਕੀ ਜਾ ਰਹੇ ਹਨ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਇਨ੍ਹਾਂ ਮੁਲਕਾਂ ਵਿਚ ਸਟੋਰ ਖਾਲੀ ਹੋ ਰਹੇ ਹਨ ਅਤੇ ਪਿੱਛੋਂ ਸਪਲਾਈ ਨਹੀਂ ਆ ਰਹੀ। ਭੈਅ ਕਾਰਨ ਪੈਦਾ ਹੋ ਰਹੀ ਇਹ ਫਰਜ਼ੀ ਥੁੜ੍ਹ ਇਨ੍ਹਾਂ ਦੇਸ਼ਾਂ ਵਿਚ ਅਰਾਜਕਤਾ ਫੈਲਾ ਸਕਦੀ ਹੈ ਅਤੇ ਦੰਗੇ ਭੜਕਾਅ ਸਕਦੀ ਹੈ।
ਚੰਗੇ ਭਾਗੀਂ ਪੰਜਾਬ ਇਸ ਨੁਮਰਾਦ ਵਾਇਰਸ ਤੋਂ ਅਜੇ ਲਗਭਗ ਬਚਿਆ ਹੋਇਆ ਹੈ ਅਤੇ ਨਾ ਹੀ ਇਸ ਬਿਮਾਰੀ ਤੋਂ ਕੋਈ ਪੀੜਤ ਹੈ। ਉਂਝ ਵਾਇਰਸ ਨਾਲ ਨਿਪਟਣ ਲਈ ਸਰਕਾਰ ਨੇ ਵਿਆਪਕ ਪ੍ਰਬੰਧ ਕੀਤੇ ਹੋਏ ਹਨ। 
ਵੱਖ-ਵੱਖ ਮੁਲਕਾਂ ‘ਚ ਵਸਦੇ ਪੰਜਾਬੀ ਪਰਿਵਾਰਾਂ ਦੇ ਬਹੁਤ ਸਾਰੇ ਲੋਕ ਇਸ ਸਮੇਂ ਪੰਜਾਬ ਗਏ ਹੋਏ ਹਨ। ਉਹ ਇਸ ਸਮੇਂ ਵਾਪਸ ਪਰਤਣ ਲਈ ਕਾਹਲੇ ਪਏ ਹੋਏ ਹਨ। ਪਰ ਫਲਾਇਟਾਂ ਦੀ ਘਾਟ ਹੋਣ ਕਾਰਨ ਬਹੁਤ ਸਾਰਿਆਂ ਨੂੰ ਵਾਪਸ ਪਰਤਣ ‘ਚ ਵੱਡੀ ਮੁਸ਼ਕਲ ਆ ਰਹੀ ਹੈ। ਜਿਨ੍ਹਾਂ ਲੋਕਾਂ ਨੇ ਵਾਪਸੀ ਟਿਕਟਾਂ ਲਈਆਂ ਹੋਈਆਂ ਹਨ, ਉਨ੍ਹਾਂ ਦੀ ਬੁਕਿੰਗ ਅਗਾਊਂ ਕਰਨ ਲਈ ਹਵਾਈ ਕੰਪਨੀਆਂ ਵੱਲੋਂ ਬਲੈਕਮੇਲਿੰਗ ਸ਼ੁਰੂ ਕੀਤੀ ਹੋਈ ਹੈ। ਇੱਥੋਂ ਤੱਕ ਕਿ 700-800 ਡਾਲਰ ਵਾਲੀ ਵਾਪਸੀ ਟਿਕਟ ਅੱਗੇ ਕਰਨ ਲਈ ਏਜੰਟਾਂ ਵੱਲੋਂ 3 ਹਜ਼ਾਰ ਡਾਲਰ ਦੇ ਕਰੀਬ ਮੰਗੇ ਜਾ ਰਹੇ ਹਨ।
ਵਿਦੇਸ਼ਾਂ ਵਿਚੋਂ ਗਏ ਵਿਅਕਤੀਆਂ ਨੂੰ 28 ਦਿਨ ਤੱਕ ਨਿਗਰਾਨੀ ਹੇਠ ਰੱਖੇ ਜਾਣ ਦੀ ਵੀ ਸਿਹਤ ਵਿਭਾਗ ਵੱਲੋਂ ਟੈਲੀਫੋਨ ਕੀਤੇ ਜਾ ਰਹੇ ਹਨ। ਵਿਦੇਸ਼ਾਂ ਤੋਂ ਭਾਰਤ ਜਾਣ ਵਾਲੇ ਸਾਰੇ ਪੰਜਾਬੀਆਂ ਦੇ ਨਾਂ, ਪਤੇ ਅਤੇ ਟੈਲੀਫੋਨ ਹਵਾਈ ਅੱਡੇ ਉਪਰ ਹੀ ਲਿਖ ਲਏ ਜਾਂਦੇ ਹਨ ਅਤੇ ਫਿਰ ਇਹ ਫੋਨ ਸੰਬੰਧਤ ਜ਼ਿਲ੍ਹਿਆਂ ਵਿਚ ਭੇਜ ਦਿੱਤੇ ਜਾਂਦੇ ਹਨ, ਜੋ ਪ੍ਰਵਾਸੀ ਪੰਜਾਬੀਆਂ ਨੂੰ ਨਿਗਰਾਨੀ ਹੇਠ ਰਹਿਣ ਲਈ ਫੋਨ ਕਰਦੇ ਹਨ। ਅਖ਼ਬਾਰਾਂ ਵਿਚ ਖ਼ਬਰਾਂ ਛੱਪ ਰਹੀਆਂ ਹਨ ਕਿ ਪੰਜਾਬ ਵਿਚ ਗਏ 500 ਦੇ ਕਰੀਬ ਪ੍ਰਵਾਸੀ ਪੰਜਾਬੀ ਰੂਪੋਸ਼ ਹਨ। ਅਸਲ ਵਿਚ ਇਹ ਉਹ ਸਾਰੇ ਲੋਕ ਹਨ, ਜੋ ਵਿਦੇਸ਼ਾਂ ਵਿਚੋਂ ਪੰਜਾਬ ਗਏ ਸਨ ਅਤੇ ਹੁਣ ਵਾਪਸ ਪਰਤਣਾ ਚਾਹੁੰਦੇ ਹਨ। ਪਰ ਫਲਾਈਟਾਂ ਦੀ ਘਾਟ ਅਤੇ ਹਵਾਈ ਕੰਪਨੀਆਂ ਦੀ ਬਲੈਕਮੇਲਿੰਗ ਕਾਰਨ ਉਹ ਬੁਰੀ ਤਰ੍ਹਾਂ ਫਸੇ ਹੋਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਪਰਿਵਾਰਾਂ ਕੋਲ ਵਾਪਸ ਪਰਤਣ ਵਾਲੇ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਮਦਦ ਕੀਤੀ ਜਾਵੇ ਅਤੇ ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ। ਬਹੁਤ ਸਾਰੇ ਅਜਿਹੇ ਪ੍ਰਵਾਸੀ ਪੰਜਾਬੀ ਵੀ ਹਨ, ਜਿਨ੍ਹਾਂ ਦੇ ਕੁੱਝ ਪਰਿਵਾਰਕ ਮੈਂਬਰ ਇਸ ਵੇਲੇ ਪੰਜਾਬ ਵਿਚ ਹਨ ਅਤੇ ਕਈ ਮੈਂਬਰ ਅਮਰੀਕਾ ਜਾਂ ਹੋਰਨਾਂ ਦੇਸ਼ਾਂ ਵਿਚ ਹਨ। ਅਜਿਹੇ ਪਰਿਵਾਰਕ ਮੈਂਬਰ ਵੱਡੇ ਸਦਮੇ ਵਿਚੋਂ ਲੰਘ ਰਹੇ ਹਨ। ਭਾਰਤ ਸਰਕਾਰ ਨੂੰ ਅਜਿਹੇ ਪਰਿਵਾਰਾਂ ਦੀ ਬਾਂਹ ਫੜਨ ਲਈ ਅੱਗੇ ਆਉਣਾ ਚਾਹੀਦਾ ਹੈ। 
ਕੋਰੋਨਾਵਾਇਰਸ ਦਾ ਅਸਰ ਤਾਂ ਬੜਾ ਵੱਡਾ ਅਤੇ ਭਿਆਨਕ ਹੈ ਪਰ ਇਸ ਤੋਂ ਪੈਦਾ ਹੋਈ ਘਬਰਾਹਟ ਨੂੰ ਦੂਰ ਕਰਨ ਲਈ ਵੱਡੀ ਜ਼ਰੂਰਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪੀੜਤ ਵਿਅਕਤੀਆਂ ਬਾਰੇ ਜੋ ਅੰਕੜੇ ਲਗਾਤਾਰ ਆ ਰਹੇ ਹਨ, ਉਹ ਕੁੱਲ ਪੀੜਤ ਵਿਅਕਤੀਆਂ ਦੇ ਹਨ। ਹਕੀਕਤ ਇਹ ਹੈ ਕਿ ਇਨ੍ਹਾਂ ਪੀੜਤ ਵਿਅਕਤੀਆਂ ਵਿਚੋਂ ਵੱਡੀ ਗਿਣਤੀ ਲੋਕ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਚੀਨ ਤੋਂ ਆ ਰਹੇ ਅੰਕੜੇ ਵੀ ਦੱਸ ਰਹੇ ਹਨ ਕਿ ਇਸ ਵਾਇਰਸ ਤੋਂ ਪੀੜਤ 80 ਫੀਸਦੀ ਵਿਅਕਤੀ ਤਾਂ ਮੁੱਢਲੀ ਸਹਾਇਤਾ ਤੋਂ ਬਾਅਦ ਹੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ। 20 ਕੁ ਫੀਸਦੀ ਅਜਿਹੇ ਲੋਕ ਹਨ, ਜਿਨ੍ਹਾਂ ਦੀ ਸਿਹਤ ਉਪਰ ਇਸ ਵਾਇਰਸ ਦਾ ਮਾਰੂ ਅਸਰ ਪਿਆ ਹੈ। ਸਿਰਫ ਦੋ ਕੁ ਫੀਸਦੀ ਹੀ ਹਨ, ਜੋ ਮੌਤ ਦੇ ਮੂੰਹ ਜਾ ਪਏ ਹਨ। ਇਸ ਕਰਕੇ ਅਹਿਤਿਆਤ ਵਰਤਣ ਲਈ ਪੂਰੀ ਸੰਜੀਦਗੀ ਅਤੇ ਗੰਭੀਰਤਾ ਵਰਤਦੇ ਹੋਏ ਸਾਨੂੰ ਇਸ ਗੱਲ ਤੋਂ ਵੀ ਭਲੀਭਾਂਤ ਜਾਣੂੰ ਹੋਣਾ ਚਾਹੀਦਾ ਹੈ ਅਤੇ ਵੱਖ-ਵੱਖ ਸਰਕਾਰਾਂ ਅਤੇ ਸਿਹਤ ਸੰਸਥਾਵਾਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਇਸ ਵਾਇਰਸ ਨਾਲ ਫੈਲਣ ਵਾਲੀ ਘਬਰਾਹਟ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਅਸਰ ਨੂੰ ਘਟਾਉਣ ਲਈ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਮਰੀਜ਼ਾਂ ਦੇ ਅੰਕੜੇ ਵੀ ਨਾਲ-ਨਾਲ ਜਾਰੀ ਕਰਦੇ ਰਹਿਣ।
ਇਸੇ ਤਰ੍ਹਾਂ ਖੁਦ ਲੋਕਾਂ ਦੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵੇਲੇ ਆਪਾਧਾਪੀ ਦਾ ਸ਼ਿਕਾਰ ਹੋਣ ਦੀ ਬਜਾਏ, ਸਗੋਂ ਸਮੂਹਿਕ ਤੌਰ ‘ਤੇ ਇਕ ਦੂਜੇ ਦਾ ਸਾਥ ਦੇਣ ਅਤੇ ਆਪਸੀ ਮਿਲਵਰਤਨ ਨਾਲ ਰਹਿਣ ਨੂੰ ਤਰਜੀਹ ਦੇਣ। ਸਟੋਰਾਂ ਉਪਰੋਂ ਬੇਤਹਾਸ਼ਾ ਸਾਮਾਨ ਖਰੀਦਣ ਅਤੇ ਫਰਜ਼ੀ ਥੁੜ੍ਹ ਪੈਦਾ ਕਰਨ ਤੋਂ ਸੰਕੋਚ ਕੀਤਾ ਜਾਵੇ ਅਤੇ ਪੂਰੇ ਜ਼ਬਤਬੱਧ ਹੋ ਕੇ ਵਾਇਰਸ ਤੋਂ ਬਚਣ ਲਈ ਦਿੱਤੀਆਂ ਜਾ ਰਹੀਆਂ ਨਸੀਹਤਾਂ ਅਤੇ ਸਲਾਹਾਂ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਜੇਕਰ ਲੋਕ ਘਬਰਾਹਟ ‘ਚ ਆ ਕੇ ਵਾਧੂ ਸਾਮਾਨ ਖਰੀਦ ਕੇ ਘਰਾਂ ਵਿਚ ਜ਼ਖੀਰਾ ਕਰਨ ਲੱਗ ਪੈਣਗੇ, ਤਾਂ ਇਸ ਦੇ ਸਿੱਟੇ ਬੜੇ ਭਿਆਨਕ ਨਿਕਲ ਸਕਦੇ ਹਨ। ਇਕ ਤਾਂ ਇਹ ਕਿ ਭੈਅਭੀਤ ਹੋਏ ਮਾਹੌਲ ਕਾਰਨ ਸਾਰੀਆਂ ਹੀ ਵਸਤਾਂ ਦਾ ਉਤਪਾਦਨ ਘੱਟ ਗਿਆ ਹੈ ਅਤੇ ਦੂਜਾ, ਜੇ ਲੋਕ ਬਿਨਾਂ ਲੋੜ ਤੋਂ ਵਸਤਾਂ ਖਰੀਦ ਕੇ ਆਪਣੇ ਘਰਾਂ ਵਿਚ ਰੱਖਣ ਲੱਗ ਪੈਣਗੇ, ਤਾਂ ਇਹ ਵਾਇਰਸ ਤੋਂ ਵੀ ਕਿਤੇ ਵਧੇਰੀ ਵੱਡੀ ਸਮਾਜਿਕ ਬਿਪਤਾ ਨੂੰ ਜਨਮ ਦੇ ਸਕਦੇ ਹਨ। 
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾਵਾਇਰਸ ਨੇ ਲੋਕਾਂ ਦੀ ਸਿਹਤ ਲਈ ਬੜਾ ਵੱਡਾ ਖਤਰਾ ਖੜ੍ਹਾ ਕੀਤਾ ਹੈ ਅਤੇ ਇਸ ਦੇ ਅਸਰ ਕਾਰਨ ਦੁਨੀਆਂ ਦੀ ਪੂਰੀ ਅਰਥਵਿਵਸਥਾ ਹੀ ਖਤਰੇ ਮੂੰਹ ਜਾ ਪਈ ਹੈ। ਪਰ ਇਸ ਦਾ ਟਾਕਰਾ ਕਰਨ ਲਈ ਸਾਨੂੰ ਵਧੇਰੇ ਸੰਜਮ, ਸੰਜੀਦਗੀ ਅਤੇ ਜ਼ਾਬਤੇ ਦੀ ਜ਼ਰੂਰਤ ਹੈ। ਆਫਤਾਂ ਦਾ ਟਾਕਰਾ ਭੈਅ ਅਤੇ ਆਪਾਧਾਪੀ ਨਾਲ ਨਹੀਂ ਕੀਤਾ ਜਾ ਸਕਦਾ, ਸਗੋਂ ਸਮੂਹਿਕ ਏਕਤਾ ਅਤੇ ਸੰਜਮੀ ਵਤੀਰੇ ਨਾਲ ਹੀ ਹੋ ਸਕਦਾ ਹੈ। ਸੋ ਇਸ ਵੇਲੇ ਵੱਡੀ ਲੋੜ ਇਕ ਦੂਜੇ ਦੇ ਸਹਿਯੋਗ, ਸੰਜਮ ਅਤੇ ਭਾਈਚਾਰੇ ਦੀ ਹੈ। ਇਹ ਤਾਕਤ ਹੀ ਵਾਇਰਸ ਦਾ ਮੂੰਹ ਮੋੜਨ ਅਤੇ ਪੈਦਾ ਹੋਈ ਬਿਪਤਾ ਦਾ ਹੱਲ ਕਰ ਸਕਦੀ ਹੈ।


Share