ਕੋਰੋਨਾਵਾਇਰਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਹਾਹਾਕਾਰ; ਡੁੱਬੇ 5 ਲੱਖ ਕਰੋੜ ਰੁਪਏ

716
Share

ਮੁੰਬਈ, 9 ਮਾਰਚ (ਪੰਜਾਬ ਮੇਲ)- ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ‘ਚ ਹਾਹਾਕਾਰ ਵਾਲੀ ਹਾਲਤ ਬਣੀ ਹੋਈ ਹੈ। ਕੋਰੋਨਾ ਵਾਇਰਸ ਦੇ ਕਾਬੂ ‘ਚ ਨਾ ਆਉਣ ਕਾਰਨ ਆਰਥਿਕ ਅਨਿਸ਼ਚਤਤਾ ਵਾਲਾ ਮਾਹੌਲ ਹੈ ਤੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਬਾਜ਼ਾਰ ‘ਚ ਭਾਰੀ ਬਿਕਵਾਲੀ ਵੇਖਣ ਨੂੰ ਮਿਲ ਰਹੀ ਹੈ।
ਯੈੱਸ ਬੈਂਕ ਦੇ ਵਧਦੇ ਸੰਕਟ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਨੇ ਵੀ ਨਿਵੇਸ਼ਕਾਂ ਦਾ ਮਨੋਬਲ ਡੇਗਿਆ। ਦੁਪਹਿਰ ਡੇਢ ਵਜੇ ਬੌਂਬੇ ਸਟਾਕ ਐਕਸਚੇਂਜ ਭਾਵ ਬੀ.ਐੱਸ.ਈ. ਦਾ ਸੈਂਸੈਕਸ 2437 ਅੰਕ ਭਾਵ 6.52 ਫ਼ੀਸਦੀ ਡਿੱਗ ਕੇ 35,126 ‘ਤੇ ਆ ਗਿਆ। ਨਿਫ਼ਟੀ ‘ਚ ਵੀ 667 ਅੰਕਾਂ ਭਾਵ 6 ਫ਼ੀਸਦੀ ਦੀ ਗਿਰਾਵਟ ਹੋਈ ਤੇ ਇਹ 10,322 ਦੇ ਪੱਧਰ ‘ਤੇ ਆ ਗਿਆ।
ਇੰਝ ਨਿਫ਼ਟੀ ਸਾਲ ਭਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪੁੱਜ ਗਿਆ ਹੈ। ਸ਼ੇਅਰ ਬਾਜ਼ਾਰ ‘ਚ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਭਾਰੀ ਗਿਰਾਵਟ ਦੇ ਚੱਲਦਿਆਂ ਨਿਵੇਸ਼ਕਾਂ ਦੇ ਲਗਭਗ 5 ਲੱਖ ਕਰੋੜ ਰੁਪਏ ਡੁੱਬ ਗਏ ਹਨ। ਬੀ.ਐੱਸ.ਈ. ‘ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ ਕਾਰੋਬਾਰ ਦੇ ਅੰਤ ‘ਚ 1,44,31,224.41 ਕਰੋੜ ਰੁਪਏ ਸੀ, ਜੋ ਡਿੱਗ ਕੇ 1,39,39,640.96 ਰੁਪਏ ਰਹਿ ਗਿਆ।
ਕਾਰੋਬਾਰੀਆਂ ਦਾ ਅਨੁਮਾਨ ਹੈ ਕਿ ਕੋਰੋਨਾਵਾਇਰਸ ਦੀ ਲਾਗ ਦੇ ਚੱਲਦਿਆਂ ਮੁੱਖ ਅਰਥ-ਵਿਵਸਥਾਵਾਂ ‘ਚ ਮੰਦੀ ਦਾ ਖ਼ਦਸ਼ਾ ਡੂੰਘਾ ਹੋਣ ਕਾਰਨ ਸ਼ੇਅਰ ਬਾਜ਼ਾਰ ‘ਚ ਨਾਂਹ-ਪੱਖੀ ਰੁਖ਼ ਹੈ। ਸੈਂਸੈਕਸ ਦੇ ਸਾਰੇ ਸ਼ੇਅਰ ਘਾਟੇ ‘ਚ ਚੱਲ ਰਹੇ ਹਨ। ਓ.ਐੱਨ.ਜੀ.ਸੀ., ਰਿਲਾਇੰਸ, ਇੰਡਸ-ਇੰਡ ਬੈਂਕ, ਟਾਟਾ ਸਟੀਲ, ਐੱਲ.ਐਂਡ ਟੀ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇੰਫ਼ੋਸਿਸ ਦੇ ਸ਼ੇਅਰ ਡਿੱਗੇ ਹਨ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਕੁੱਲ ਆਧਾਰ ਉੱਤੇ ਵਿਦੇਸ਼ੀ ਸੰਸਕਾਗਤ ਨਿਵੇਸ਼ਕਾਂ ਨੇ 3,594.84 ਕਰੋੜ ਰੁਪਏ ਦੀ ਇਕਵਿਟੀ ਵੇਚੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 2,543.78 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ।
ਕਾਰੋਬਾਰੀਆਂ ਨੇ ਦੱਸਿਆ ਕਿ ਤੇਲ-ਕੀਮਤਾਂ ‘ਚ ਭਾਰੀ ਗਿਰਾਵਟ ਤੇ ਵਿਸ਼ਵ ਪੱਧਰ ‘ਤੇ ਅਨਿਸ਼ਚਤਤਾ ਦੇ ਮਾਹੌਲ ਨੂੰ ਵੇਖਦਿਆਂ ਘਰੇਲੂ ਬਾਜ਼ਾਰ ‘ਚ ਨਿਵੇਸ਼ਕ ਚੌਕਸ ਰੁਖ਼ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਫ਼ੰਡਾਂ ਦੇ ਬਾਹਰ ਜਾਣ ਨਾਲ ਬਾਜ਼ਾਰ ਦੀ ਧਾਰਨਾ ਉੱਤੇ ਨਾਂਹ-ਪੱਖੀ ਅਸਰ ਪਿਆ। ਯੈੱਸ ਬੈਂਕ ਦੇ ਸੰਕਟ ਕਾਰਨ ਬੈਂਕਿੰਗ ਖੇਤਰ ਦੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।


Share