ਕੋਰੋਨਾਵਾਇਰਸ ਕਾਰਨ ਬ੍ਰਿਟੇਨ ‘ਚ ਫਸੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

747
Share

ਲੰਡਨ, 20 ਮਾਰਚ (ਪੰਜਾਬ ਮੇਲ)- ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕਾਰਨ ਬ੍ਰਿਟੇਨ ਤੇ ਯੂਰਪ ਤੋਂ ਆਉਣ ਵਾਲੇ ਯਾਤਰੀਆਂ ‘ਤੇ ਭਾਰਤ ਦੀ ਪਾਬੰਦੀ ਦੇ ਮੱਦੇਨਜ਼ਰ ਇਥੇ ਭਾਰਤੀ ਹਾਈ ਕਮਿਸ਼ਨ ਬ੍ਰਿਟੇਨ ਵਿਚ ਫਸੇ ਭਾਰਤੀ ਨਾਗਰਿਕਾਂ ਦੇ ਰਹਿਣ ਦਾ ਪ੍ਰਬੰਧ ਕਰਵਾਉਣ ਵਿਚ ਮਦਦ ਕਰ ਰਿਹਾ ਹੈ। ਇਸ ਦੌਰਾਨ ਜਾਰੀ ਐਡਵਾਇਜ਼ਰੀ ਵਿਚ ਮਿਸ਼ਨ ਨੇ ਭਾਰਤੀਆਂ ਦੀ ਸਥਿਤੀ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਭਾਰਤੀ ਪਾਸਪੋਰਟ ਧਾਰਕਾਂ ਦੇ ਲਈ ਇਕ ਈਮੇਲ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਫੋਨ ਤੇ ਸ਼ੋਸ਼ਲ ਮੀਡੀਆ ਸੰਦੇਸ਼ਾਂ ਦੇ ਰਾਹੀਂ ਵੀ ਉਹਨਾਂ ਦੀ ਸਥਿਤੀ ਦਾ ਪਤਾ ਲਾਇਆ ਜਾ ਰਿਹਾ ਹੈ।
ਮਿਸ਼ਨ ਨੇ ਮਦਦ ਦੀ ਬੇਨਤੀ ‘ਤੇ ਜਵਾਬ ਦਿੰਦਿਆਂ ਕਿਹਾ ਕਿ ਹਾਈ ਕਮਿਸ਼ਨ ਤੁਹਾਡੇ ਠਹਿਰਣ ਦਾ ਪ੍ਰਬੰਧ ਕਰਨ ਵਿਚ ਮਦਦ ਕਰ ਸਕਦਾ ਹੈ। ਤੁਸੀਂ info.london@mea.gov.in ‘ਤੇ ਮੇਲ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਥੇ ਹੋ। ਅਸੀਂ ਈਮੇਲ ਦੇ ਰਾਹੀਂ ਤੁਹਾਨੂੰ ਅੱਗੇ ਦੀ ਸਲਾਹ ਦੇਵਾਂਗੇ। ਉਸ ਨੇ ਆਪਣੀ ਤਾਜ਼ਾ ਐਡਵਾਇਜ਼ਰੀ ਵਿਚ ਕਿਹਾ ਕਿ ਬ੍ਰਿਟੇਨ ਵਿਚ ਕਈ ਭਾਰਤੀਆਂ ਦੇ ਵੀਜ਼ੇ ਦੀ ਮਿਆਦ ਖਤਮ ਹੋਣ ਵਾਲੀ ਹੈ ਪਰ ਉਹ ਸਵਦੇਸ਼ ਪਰਤ ਨਹੀਂ ਸਕਦੇ, ਉਹਨਾਂ ਦੇ ਲਈ ਦਿਸ਼ਾ ਨਿਰਦੇਸ਼ ‘ਤੇ ਹਾਈ ਕਮਿਸ਼ਨ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਹੈ। ਹਾਈ ਕਮਿਸ਼ਨ ਤੋਂ ਮਦਦ ਮੰਗਣ ਵਾਲੇ ਇਕ ਗ੍ਰਾਫਿਕ ਡਿਜ਼ਾਈਨਰ ਨੇ ਕਿਹਾ ਕਿ ਭਾਰਤ ਜਾਣ ਦੀ ਉਸ ਦੀ ਟਿਕਟ ਬੁੱਧਵਾਰ ਨੂੰ ਪਾਬੰਦੀ ਲੱਗਣ ਤੋਂ ਬਾਅਦ ਆਪਣੇ-ਆਪ ਰੱਦ ਹੋ ਗਈ ਹੈ। ਉਸ ਨੇ ਕਿਹਾ ਕਿ ਬਿਨਾਂ ਨੌਕਰੀ ਤੇ ਬਿਨਾਂ ਬਚਤ ਦੇ ਅਸੀਂ ਇਥੇ ਕਿਵੇਂ ਰਹਿ ਸਕਦੇ ਹਾਂ। ਇਸ ਦੌਰਾਨ ਲੀਡਸ ਦੇ ਇਕ ਸੀਨੀਅਰ ਕਾਰੋਬਾਰੀ ਮਾਹਰ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਇਕ ਅਸਧਾਰਣ ਸਥਿਤੀ ਹੈ। ਹਾਲਾਂਕਿ ਇਹ ਦੇਖਣਾ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਬ੍ਰਿਟੇਨ ਵਿਚ ਫਸੇ ਲੋਕਾਂ ਦੇ ਲਈ ਬ੍ਰਿਟੇਨ ਦੇ ਅਧਿਕਾਰੀਆਂ ਨੇ ਕੋਈ ਫੈਸਲਾ ਨਹੀਂ ਲਿਆ ਹੈ। ਚੀਨੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਆਪਣੇ-ਆਪ ਵਧ ਗਈ ਹੈ। ਅਸੀਂ ਵੀ ਇਸੇ ਮਾਡਲ ਦੀ ਵਰਤੋਂ ਕਿਉਂ ਨਹੀਂ ਕਰ ਰਹੇ।
ਕੁਝ ਭਾਰਤੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਭਾਰਤ ਦੀ ਯਾਤਰਾ ਪਾਬੰਦੀ ਦੀ 31 ਮਾਰਚ ਦੀ ਮਿਆਦ ਤੋਂ ਬਾਅਦ ਵੀ ਸਵਦੇਸ਼ ਪਰਤ ਸਕਣਗੇ ਜਾਂ ਨਹੀਂ ਕਿਉਂਕਿ ਕੋਰੋਨਾਵਾਇਰਸ ਦਾ ਕਹਿਰ ਵਧਣ ਦੇ ਕਾਰਨ ਸਮਾਂ ਮਿਆਦ ਵਧਣ ਦੀ ਸੰਭਾਵਨਾ ਹੈ। ਬ੍ਰਿਟੇਨ ਵਿਚ ਕੋਰੋਨਾਵਾਇਰਸ ਕਾਰਨ 144 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਘ ਜਿਹੇ ਵਿਦਿਆਰਥੀ ਸਮੂਹ ਇਸ ਮੁਸ਼ਕਿਲ ਦੀ ਘੜੀ ਵਿਚ ਭਾਰਤੀ ਨਾਗਰਿਕਾਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਤੇ ਉਹਨਾਂ ਨੇ ਬ੍ਰਿਟੇਨ ਵਿਚ ਗ੍ਰਹਿ ਮੰਤਰਾਲਾ ਨੂੰ ਉਹਨਾਂ ਫਸੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ, ਜਿਹਨਾਂ ਦੇ ਵਿਦਿਆਰਥੀ ਵੀਜ਼ਾ ਦੀ ਮਿਆਦ ਖਤਮ ਹੋਣ ਵਾਲੀ ਹੈ।


Share