ਕੋਰੋਨਾਵਾਇਰਸ ਕਾਰਨ ਫੀਫਾ ਨੂੰ ਹੋਵੇਗਾ 1750 ਕਰੋੜ ਰੁਪਏ ਦਾ ਨੁਕਸਾਨ

867

ਕੋਰੋਨਾਵਾਇਰਸ ਕਾਰਨ ਇਸ ਸਾਲ ਫੁੱਟਬਾਲ ਸਮੇਤ ਸਾਰੀਆਂ ਖੇਡਾਂ ਦੇ ਮੁਕਾਬਲੇ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਸ਼ਵ-ਵਿਆਪੀ ਟੂਰਨਾਮੈਂਟਾਂ ‘ਚ ਟੋਕੀਓ-2020 ਓਲੰਪਿਕ ਤੋਂ ਇਲਾਵਾ ਫੀਫਾ ਦਾ ਅੰਡਰ-17 ਮਹਿਲਾ ਫੁੱਟਬਾਲ ਕੱਪ, ਅੰਡਰ-20 ਮਹਿਲਾ ਫੁੱਟਬਾਲ ਕੱਪ, ਯੂਰੋ-2020 ਫੁੱਟਬਾਲ ਕੱਪ ਤੇ ਇਸ ਸਾਲ ਦਸੰਬਰ ‘ਚ ਖੇਡਿਆ ਜਾਣ ਵਾਲਾ ਕਲੱਬਜ਼ ਫੁੱਟਬਾਲ ਕੱਪ ਸ਼ਾਮਲ ਹਨ। ਇਹ ਟੂਰਨਾਮੈਂਟ ਸਾਲ-2021 ‘ਚ ਕਰਵਾਉਣ ਦਾ ਪ੍ਰੋਗਰਾਮ ਅਜੇ ਉਲੀਕਿਆ ਜਾਵੇਗਾ। ਹੁਣ ਕੋਰੋਨਾ ਦਾ ਅਸਰ ਘਟਣ ਕਾਰਨ ਘਰੇਲੂ ਟੂਰਨਾਮੈਂਟ ਖੇਡਣ ਲਈ ਖਿਡਾਰੀਆਂ ਦੀ ਮੈਦਾਨਾਂ ‘ਚ ਹੌਲੀ-ਹੌਲੀ ਵਾਪਸੀ ਹੋ ਰਹੀ ਹੈ ਪਰ ਇਹ ਮੁਕਾਬਲੇ ਦਰਸ਼ਕਾਂ ਦੀ ਗੈਰ-ਹਾਜ਼ਰੀ ‘ਚ ਖੇਡੇ ਜਾ ਰਹੇ ਹਨ। ਇਸ ਨਾਲ ਵਿਸ਼ਵ-ਵਿਆਪੀ ਖੇਡ ਅਦਾਰਿਆਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ।
ਫੀਫਾ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਡਬਲਿਊ.ਐੱਚ.ਓ. ਨੂੰ 11 ਹਜ਼ਾਰ ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟਿਨੋ ਦਾ ਕਹਿਣਾ ਹੈ ਕਿ ਫੀਫਾ ਦੀ ਮਜ਼ਬੂਤ ਆਰਥਿਕ ਸਥਿਤੀ ਕਾਰਨ ਹੀ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਫੀਫਾ ਵਲੋਂ ਵੱਡੀ ਮਾਤਰਾ ‘ਚ ਫੰਡ ਦਿੱਤਾ ਗਿਆ ਹੈ। ਕੋਰੋਨਾ ਖ਼ਿਲਾਫ ਲੜਾਈ ‘ਚ ਇੰਨੀ ਵੱਡੀ ਮਾਤਰਾ ‘ਚ ਫੰਡ ਜਾਰੀ ਕਰਨ ਨਾਲ ਫੀਫਾ ਵੱਲੋਂ 2019 ਤੋਂ 2022 ਤਕ ਆਪਣੇ ਖ਼ਰਚਿਆਂ ‘ਚ ਭਾਰੀ ਕਟੌਤੀ ਕਰਨ ਦਾ ਫ਼ੈਸਲਾ ਵੀ ਅਮਲ ‘ਚ ਲਿਆਂਦਾ ਜਾਵੇਗਾ। ਫੀਫਾ ਦੇ ਜ਼ਿਓਰਿਖ ਸਥਿਤ ਹੈੱਡਕੁਆਰਟਰ ਤੋਂ ਬੁਲਾਰੇ ਅਨੁਸਾਰ 2019 ‘ਚ ਫੀਫਾ ਕੋਲ 20 ਹਜ਼ਾਰ ਕਰੋੜ ਰੁਪਏ ਦਾ ਕੈਸ਼ ਰਿਜ਼ਰਵ ਸੀ। ਫਰਾਂਸ-2018 ‘ਚ ਖੇਡੇ ਗਏ ਫੁੱਟਬਾਲ ਵਰਲਡ ਕੱਪ ਕਾਰਨ 2015 ਤੋਂ 2018 ਤਕ ਫੀਫਾ ਦੇ ਮਾਲੀਏ ‘ਚ ਰਿਕਾਰਡ ਵਾਧਾ ਹੋਣ ਸਦਕਾ ਇਹ ਕੈਸ਼ ਵਾਧੇ ਨਾਲ 47,800 ਕਰੋੜ ਰੁਪਏ ਹੋ ਗਿਆ ਸੀ ਪਰ ਇਸ ਸਾਲ ਫੁੱਟਬਾਲ ਦੇ ਚਾਰ ਵੱਡੇ ਟੂਰਨਾਮੈਂਟ ਰੱਦ ਕਰ ਦਿੱਤੇ ਜਾਣ ਕਾਰਨ ਫੋਰਬਸ ਦੀ ਰਿਪੋਰਟ ਅਨੁਸਾਰ ਵਿਸ਼ਵ ਦੀ ਸਭ ਤੋਂ ਵੱਡੀ ਗਵਰਨਿੰਗ ਬਾਡੀ ਫੀਫਾ ਨੇ ਇਸ ਸਾਲ ਆਪਣੇ ਬਜਟ ‘ਚ ਸੋਧ ਕਰ ਕੇ ਰੈਵੇਨਿਊ 1870 ਕਰੋੜ ਰੁਪਏ ਕਰ ਦਿੱਤਾ ਹੈ। ਇਹ 2018 ਦੇ 3620 ਕਰੋੜ ਰੁਪਏ ਦੇ ਬਜਟ ਦੇ ਮੁਕਾਬਲੇ 48.3 ਫੀਸਦੀ ਘੱਟ ਹੈ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੀਫਾ ਨੂੰ ਇਸ ਸਾਲ 1750 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।
ਦੁਨੀਆਂ ਦੇ 29 ਕਰੋੜ ਲੋਕ ਫੁੱਟਬਾਲ ਖੇਡਦੇ ਹਨ। ਇਸ ਦਾ ਅਰਥ ਹੈ ਕਿ ਸੰਸਾਰ ‘ਚ 22 ਇਨਸਾਨਾਂ ‘ਚੋਂ ਇਕ ਫੁੱਟਬਾਲ ਖਿਡਾਰੀ ਹੈ। ਯੂਰਪ ਤੇ ਅਮਰੀਕਾ ਵਿਚ ਤਾਂ ਹਰ ਪੰਜ ਵਿਅਕਤੀਆਂ ਵਿਚੋਂ ਇਕ ਫੁੱਟਬਾਲ ਖੇਡਦਾ ਹੈ। ਦੂਜੀਆਂ ਖੇਡਾਂ ਦੇ ਮੁਕਾਬਲੇ ਸਾਕਰ ਦੇ ਪ੍ਰੇਮੀਆਂ ਭਾਵ ਫੈਨਜ਼ ਦੀ ਗਿਣਤੀ ਚਾਰ ਅਰਬ ਤੋਂ ਵੱਧ ਹੈ। ਟੋਕੀਓ-2020 ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ‘ਚ 33 ਖੇਡ ਵੰਨਗੀਆਂ ਨੂੰ 3.8 ਅਰਬ ਖੇਡ ਪ੍ਰੇਮੀਆਂ ਵੱਲੋਂ ਵੇਖਣ ਦਾ ਅਨੁਮਾਨ ਸੀ, ਜਦਕਿ ਰੂਸ-2018 ‘ਚ ਜੂਨ-14 ਤੋਂ ਜੁਲਾਈ-15 ਤਕ ਖੇਡੇ ਗਏ ਵਿਸ਼ਵ ਫੁੱਟਬਾਲ ਕੱਪ ਦੇ 4.3 ਅਰਬ ਫੁੱਟਬਾਲ ਪ੍ਰਸ਼ੰਸਕ ਗਵਾਹ ਬਣੇ। ਭਾਵ 430 ਕਰੋੜ ਫੁੱਟਬਾਲ ਪ੍ਰਸ਼ੰਸਕਾਂ ਨੇ ਇਸ ਮੈਗਾ ਟੂਰਨਾਮੈਂਟ ਦੇ ਨਜ਼ਾਰਿਆਂ ਨੂੰ ਅੱਖੀਂ ਤੱਕਿਆ ਸੀ।