ਕੋਰੋਨਾਵਾਇਰਸ ਕਾਰਨ ਪੰਜਾਬ ‘ਚ ਅੱਜ ਹੋਈਆਂ ਚਾਰ ਮੌਤਾਂ

932

ਅੰਮ੍ਰਿਤਸਰ/ਬਾਬਾ ਬਕਾਲਾ/ਲੁਧਿਆਣਾ, 3 ਮਈ (ਪੰਜਾਬ ਮੇਲ)- ਪੰਜਾਬ ‘ਚ ਅੱਜ 24 ਘੰਟਿਆਂ ਦੌਰਾਨ ‘ਕੋਰੋਨਾ’ ਵਾਇਰਸ ਦੇ ਕਾਰਨ ਚਾਰ ਮੌਤਾਂ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ‘ਚ ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਦੀਪਕ ਕੁਮਾਰ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ, ਉਥੇ ਲੁਧਿਆਣਾ ‘ਚ ਬਸਤੀ ਜੋਧੋਵਾਲ ਦੀ ਰਹਿਣ ਵਾਲੀ 62 ਸਾਲਾ ਮਹਿਲਾ ਦੀ ਕੋਰੋਨਾ ਕਰਕੇ ਮੌਤ ਹੋ ਗਈ। ਉਕਤ ਮਹਿਲਾ ਨੂੰ ਕੱਲ੍ਹ ਹੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।
ਉਥੇ ਹੀ ਅੰਮ੍ਰਿਤਸਰ ਦੇ ਬਾਬਾ ਬਕਾਲਾ ‘ਚ ਕੋਰੋਨਾ ਕਰਕੇ ਮਰੇ ਦੀਪਕ ਕੁਮਾਰ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਿਖੇ ਪੀ.ਜੀ.ਆਈ. ‘ਚ ਦਾਖਲ ਕਰਵਾਇਆ ਗਿਆ ਸੀ। ਇਥੇ ਇਲਾਜ ਦੌਰਾਨ ਜਦੋਂ ਉਸ ਦੇ ਸੈਂਪਲ ਕੋਰੋਨਾ ਟੈਸਟ ਕਰਨ ਲਈ ਲਏ ਸਨ ਤਾਂ ਉਹ ‘ਕੋਰੋਨਾ’ ਪਾਜ਼ੇਟਿਵ ਪਾਇਆ ਗਿਆ। ਪੀ.ਜੀ.ਆਈ. ‘ਚ ਹੀ ਇਸ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਸ ਨੇ ਅੱਜ ਦਮ ਤੋੜ ਦਿੱਤਾ। ਜਿਵੇਂ ਹੀ ਉਸ ਦੀ ਮੌਤ ਦੀ ਖਬਰ ਪਰਿਵਾਰ ਅਤੇ ਪੂਰੇ ਇਲਾਕੇ ‘ਚ ਫੈਲੀ ਤਾਂ ਤੁਰੰਤ ਪ੍ਰਸ਼ਾਸਨ ਨੇ ਚੌਕਸੀ ਵਰਤਦੇ ਹੋਏ ਉਸ ਦੇ ਇਲਾਕੇ ਬਾਬਾ ਬਕਾਲਾ ਅਤੇ ਉਸ ਦੀ ਗਲੀ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਥੇ ਦੱਸ ਦੇਈਏ ਕਿ ਇਹ ਮੌਤ ਅੰਮ੍ਰਿਤਸਰ ਦੇ ਬਾਬਾ ਬਕਾਲਾ ‘ਚ ਪਹਿਲੀ ਮੌਤ ਹੈ ਜਦਕਿ ਅੰਮ੍ਰਿਤਸਰ ‘ਚ ਇਹ ਤੀਜੀ ਮੌਤ ਹੈ।
ਫਗਵਾੜਾ ਦੇ 65 ਸਾਲਾ ਵਿਅਕਤੀ ਨੇ ਲੁਧਿਆਣਾ ‘ਚ ਤੋੜਿਆ ਦਮ
ਕੋਰੋਨਾ ਵਾਇਰਸ ਦੇ ਕਾਰਨ ਫਗਵਾੜਾ ‘ਚ 65 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਡੀ.ਐੱਮ.ਸੀ. ਲੁਧਿਆਣਾ ‘ਚ ਰੈਫਰ ਕੀਤਾ ਗਿਆ ਸੀ, ਜਿੱਥੇ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਕੀਤੀ ਗਈ ਹੈ। ਉਕਤ ਵਿਅਕਤੀ ਦੀ ਲੁਧਿਆਣਾ ‘ਚ ਹੋਈ ਮੌਤ ਦੇ ਬਾਰੇ ਅਧਿਕਾਰਤ ਤੌਰ ‘ਤੇ ਪੁਸ਼ਟੀ ਕਰਦੇ ਹੋਏ ਦੀਪਤੀ ਨੇ ਕਿਹਾ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਫਗਵਾੜਾ ਦੇ ਪਲਾਹੀ ਗੇਟ ਅਤੇ ਨੇੜੇ ਦੇ ਖੇਤਰਾਂ ‘ਚ ਸਰਕਾਰੀ ਟੀਮਾਂ ਭੇਜੀਆਂ ਜਾ ਰਹੀਆਂ ਹਨ ਜੋ ਜਨ ਸੁਰੱਖਿਆ ਸਬੰਧੀ ਸਾਰੇ ਤਰ੍ਹਾਂ ਦੇ ਕੰਮ ਪੂਰੇ ਕਰਨਗੀਆਂ।
ਕੋਰੋਨਾ ਕਾਰਨ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦੇ ਪਾਜ਼ੇਟਿਵ ਆਏ ਮਰੀਜ਼ ਅਸ਼ੋਕ ਕੁਮਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਸ਼ੋਕ ਕੁਮਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਜਿਸ ਨੂੰ ਫਿਰੋਜ਼ਪੁਰ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਸ ਦੀ ਅਚਾਨਕ ਮੌਤ ਹੋ ਗਈ। ਜਾਂਚ ਲਈ ਲਏ ਗਏ ਟੈਸਟ ਰਿਪੋਰਟਾਂ ਵਿਚ ਅਸ਼ੋਕ ਕੁਮਾਰ ਕੋਰੋਨਾ ਪਾਜ਼ੇਟਿਵ ਆਇਆ ਸੀ। ਇਸ ਦੀ ਪੁਸ਼ਟੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਕੀਤੀ ਗਈ ਹੈ। ਉਧਰ ਫਿਰੋਜ਼ਪੁਰ ਦੇ ਪਿੰਡ ਅਲੀਕੇ ਨੂੰ ਸਿਹਤ ਵਿਭਾਗ ਅਤੇ ਪੁਲਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਪੰਜਾਬ ‘ਚ 24 ਘੰਟਿਆਂ ਦੌਰਾਨ ਚਾਰ ਮੌਤਾਂ ਹੋਈਆਂ ਹਨ।  ਕੋਰੋਨਾ ਕਰਕੇ ਅੱਜ ਪੰਜਾਬ ‘ਚ ਚਾਰ ਮੌਤਾਂ ਹੋਣ ਦੇ ਨਾਲ ਹੀ ਪੰਜਾਬ ‘ਚ ਮੌਤਾਂ ਦਾ ਅੰਕੜਾ 24 ਤੱਕ ਪਹੁੰਚ ਗਿਆ ਹੈ।