ਕੋਰੋਨਾਵਾਇਰਸ ਕਾਰਨ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ ਸੈਰ-ਸਪਾਟਾ ਤੇ ਹਵਾਬਾਜ਼ੀ ਸਨਅਤ

753
Share

ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)-ਭਿਆਨਕ ਕੋਰੋਨਾਵਾਇਰਸ ਮਹਾਮਾਰੀ ਭਾਰਤੀ ਸੈਰ-ਸਪਾਟਾ ਤੇ ਹਵਾਬਾਜ਼ੀ ਸਨਅਤ ਨੂੰ ਆਉਂਦੇ ਦਿਨਾਂ ਦੌਰਾਨ ਪੂਰੀ ਤਰ੍ਹਾਂ ਠੱਪ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਵੀਜ਼ਾ ਇਕ ਮਹੀਨੇ ਲਈ ਮੁਲਤਵੀ ਕਰ ਦਿੱਤੇ ਹਨ ਤੇ ਇਸ ਨਾਲ ਭਾਰਤ ਵੱਲ ਹੋਣ ਵਾਲੀ ਆਵਾਜਾਈ ਰੁੱਕ ਜਾਵੇਗੀ। ਇਸ ਕਦਮ ਨਾਲ ਤੁਰੰਤ ਪੈਣ ਵਾਲਾ ਵਿੱਤੀ ਘਾਟਾ 8,500 ਕਰੋੜ ਰੁਪਏ ਦੇ ਨੇੜੇ-ਤੇੜੇ ਹੋ ਸਕਦਾ ਹੈ। ਇੰਡੀਅਨ ਐਸੋਸੀਏਸ਼ਨ ਆਫ਼ ਟੂਰ ਅਪਰੇਟਰਜ਼ (ਆਈ.ਏ.ਟੀ.ਓ.) ਤੇ ਐਸੋਚੈਮ ਨੇ ਪੈਦਾ ਹੋਣ ਵਾਲੀ ਸਥਿਤੀ ਨੂੰ ਪਹਿਲਾਂ ਹੀ ਭਾਂਪਦਿਆਂ ਗ਼ੈਰ-ਜ਼ਰੂਰੀ ਮੁਲਾਜ਼ਮਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਨਵੀਂਆਂ ਨੌਕਰੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਨ੍ਹਾਂ ਸੰਗਠਨਾਂ ਨੇ ਸਰਕਾਰ ਨੂੰ ਫ਼ੈਸਲੇ ‘ਤੇ ਨਜ਼ਰਸਾਨੀ ਦੀ ਅਪੀਲ ਕੀਤੀ ਹੈ। ਉਨ੍ਹਾਂ ਭਾਰਤ ਵੱਲ ਯਾਤਰਾ ਨੂੰ ਸੀਮਤ ਸ਼ਹਿਰਾਂ ਰਾਹੀਂ ਜਾਰੀ ਰੱਖਣ ‘ਤੇ ਜ਼ੋਰ ਦਿੱਤਾ ਹੈ। ਆਈ.ਏ.ਟੀ.ਓ. ਦੇ ਸਕੱਤਰ ਰਾਜੇਸ਼ ਮੋਦਗਿਲ ਨੇ ਕਿਹਾ ਕਿ ਭਾਰਤ ਸਰਕਾਰ ਦੀ ਪਾਬੰਦੀ ਕਾਰਨ ਪੂਰੀ ਹੋਟਲ, ਐਵੀਏਸ਼ਨ ਤੇ ਸੈਰ-ਸਪਾਟਾ ਸਨਅਤ ਪ੍ਰਭਾਵਿਤ ਹੋਵੇਗੀ। ਨੌਕਰੀਆਂ ਜਾਣਗੀਆਂ ਤੇ ਤਕਰੀਬਨ 8500 ਕਰੋੜ ਰੁਪਏ ਦਾ ਘਾਟਾ ਪਵੇਗਾ।
ਐਸੋਚੈਮ ਸੈਰ-ਸਪਾਟਾ ਤੇ ਮਹਿਮਾਨ ਨਿਵਾਜ਼ੀ ਕੌਂਸਲ ਦੇ ਚੇਅਰਮੈਨ ਸੁਭਾਸ਼ ਗੋਇਲ ਨੇ ਕਿਹਾ ਕਿ ਜਦ ਤੋਂ ਕੋਰੋਨਾਵਾਇਰਸ ਫੈਲਿਆ ਹੈ, ਉਦੋਂ ਤੋਂ ਹੀ ਭਾਰਤ ‘ਚ ਐਵੀਏਸ਼ਨ ਤੇ ਸੈਰ-ਸਪਾਟਾ ਸੈਕਟਰ ਘਾਟੇ ‘ਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਉਹ ਬਸ ਆਪਣੇ ਖ਼ਰਚੇ ਚਲਾ ਰਹੇ ਸਨ ਤੇ ਸਟਾਫ਼ ਨੂੰ ਬਰਕਰਾਰ ਰੱਖ ਰਹੇ ਹਨ ਕਿਉਂਕਿ ਲਾਜ਼ਮੀ ਆਵਾਜਾਈ ਬਣੀ ਹੋਈ ਸੀ। ਹੁਣ ਇਕਦਮ ਵੀਜ਼ੇ ਮੁਅੱਤਲ ਕਰਨ ਨਾਲ ਸੰਕਟ ਖੜ੍ਹਾ ਹੋ ਜਾਵੇਗਾ। ਗੋਇਲ ਨੇ ਸਰਕਾਰ ਤੋਂ ਸਥਿਤੀ ਦੀ ਦਸ ਦਿਨਾਂ ਬਾਅਦ ਸਮੀਖ਼ਿਆ ਕਰਨ ਤੇ ਇਨ੍ਹਾਂ ਸਨਅਤਾਂ ‘ਤੇ ਟੈਕਸ ਵਿਚ ਰਾਹਤ ਦੇਣ ਦੀ ਅਪੀਲ ਕੀਤੀ ਹੈ। ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਫੈਡਰੇਸ਼ਨ ਦੇ ਉਪ ਪ੍ਰਧਾਨ ਗੁਰਬਖ਼ਸ਼ੀਸ਼ ਸਿੰਘ ਕੋਹਲੀ ਨੇ ਕਿਹਾ ਕਿ ਨਵੰਬਰ ‘ਚ ਜਦ ਤੋਂ ਕੋਰੋਨਾ ਫੈਲਣ ਦੀ ਸੂਚਨਾ ਲੋਕਾਂ ਨੂੰ ਮਿਲੀ ਹੈ, ਹੋਟਲਾਂ ‘ਚ ਬੁਕਿੰਗ ਰੱਦ ਹੋਣੀ ਸ਼ੁਰੂ ਹੋ ਗਈ ਤੇ ਹੁਣ 80 ਫ਼ੀਸਦੀ ਦੀ ਅੰਕੜਾ ਪਾਰ ਕਰ ਗਈ ਹੈ। ਉਦਯੋਗ ਚੈਂਬਰ ਸੀ.ਆਈ.ਈ. ਦਾ ਕਹਿਣਾ ਹੈ ਕਿ ਭਾਰਤੀ ਸੈਰ ਸਪਾਟਾ ਸਨਅਤ ਨੂੰ ਇਹ ਹੁਣ ਤੱਕ ਪਈ ਸਭ ਤੋਂ ਵੱਡੀ ਮਾਰ ਹੈ। ਇਨ੍ਹਾਂ ਸੈਕਟਰਾਂ ਨਾਲ ਜੁੜੀਆਂ ਕੰਪਨੀਆਂ ਤੋਂ ਗਾਹਕ ਰਿਫੰਡ ਮੰਗ ਰਹੇ ਹਨ ਤੇ ਕੰਪਨੀਆਂ ਪੈਸੇ ਮੋੜ ਰਹੀਆਂ ਹਨ, ਜਦਕਿ ਉਹ ਐਡਵਾਂਸ ਟੈਕਸ ਤੇ ਜੀ.ਐੱਸ.ਟੀ. ਭਰ ਚੁੱਕੇ ਹਨ।


Share