ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆਂ ਲੜਾਈ ਲੜ ਰਹੀ ਹੈ। ਹੁਣ ਤੱਕ ਇਸ ਮਹਾਮਾਰੀ ਨੇ ਦੁਨੀਆਂ ਭਰ ‘ਚ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਇਸ ਵਿਚਾਲੇ ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਜਾਫਰ ਸਰਫਰਾਜ਼ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਪੇਸ਼ਾਵਰ ਦੇ ਇਕ ਹਸਪਤਾਲ ਵਿਚ ਵੈਂਟੀਲੇਟਰ ‘ਤੇ ਸੀ। 50 ਸਾਲਾ ਸਰਫਰਾਜ਼ ਪਾਕਿਸਤਾਨ ‘ਚ ਕੋਰੋਨਾਵਾਇਰਸ ਦੀ ਲਪੇਟ ‘ਚ ਆਉਣ ਵਾਲੇ ਪਹਿਲੇ ਪੇਸ਼ੇਵਰ ਕ੍ਰਿਕਟਰ ਹਨ।
ਉਸ ਨੇ 1988 ‘ਚ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਪੇਸ਼ਾਵਰ ਵੱਲੋਂ ਉਸ ਨੇ 15 ਫਰਸਟ ਕਲਾਸ ਮੈਚ ਖੇਡੇ, ਜਿਸ ਵਿਚ ਉਸ ਨੇ 616 ਦੌੜਾਂ ਬਣਾਈਆਂ। 1994 ‘ਚ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾ ਉਸ ਨੇ 6 ਵਨ ਡੇ ਮੈਚਾਂ ਵਿਚ 96 ਦੌੜਾਂ ਬਣਾਈਆਂ ਸੀ। ਕ੍ਰਿਕਟ ਤੋਂ ਬਤੌਰ ਖਿਡਾਰੀ ਸੰਨਿਆਸ ਲੈਣ ਤੋਂ ਬਾਅਦ ਉਸ ਨੇ ਕੋਚਿੰਗ ਦੀ ਦੁਨੀਆਂ ਵਿਚ ਕਦਮ ਰੱਖਿਆ ਅਤੇ ਪੇਸ਼ਾਵਰ ਦੀ ਸੀਨੀਅਰ ਅਤੇ ਅੰਡਰ 19 ਟੀਮ ਨੂੰ ਤਿਆਰ ਕੀਤਾ। ਜਾਫਰ ਪਾਕਿਸਤਾਨ ਦੇ ਕੌਮਾਂਤਰੀ ਕ੍ਰਿਕਟਰ ਅਖਤਰ ਸਰਫਰਾਜ਼ ਦੇ ਭਰਾ ਸੀ। ਅਖਤਰ ਨੇ 10 ਮਹੀਨੇ ਪਹਿਲਾਂ ਹੀ ਇਸੇ ਸ਼ਹਿਰ ਵਿਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਉਹ ਕੈਂਸਰ ਨਾਲ ਲੜ ਰਹੇ ਸੀ। ਪਾਕਿਸਤਾਨ ‘ਚ ਵੀ ਕੋਰੋਨਾਵਾਇਰਸ ਰੋਜ਼ਾਨਾ ਤੇਜ਼ੀ ਨਾਲ ਫੈਲ ਰਿਹਾ ਹੈ।