ਕੋਰੋਨਾਵਾਇਰਸ ਕਾਰਨ ਜਾਨ ਗੁਆਉਣ ਵਾਲੇ 95 ਫੀਸਦੀ ਲੋਕਾਂ ਦੀ ਉਮਰ 60 ਸਾਲ ਤੋਂ ਜ਼ਿਆਦਾ

753
Share

ਜਿਨੇਵਾ , 2 ਅਪ੍ਰੈਲ (ਪੰਜਾਬ ਮੇਲ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਯੂਰਪ ਮੁਖੀ ਹਾਂਸ ਕਲੁਗੇ ਨੇ ਕਿਹਾ ਹੈ ਕਿ ਅੰਕੜੇ ਦਰਸਾਉਂਦੇ ਹਨ ਕਿ ਇਸ ਖੇਤਰ ‘ਚ ਕੋਰੋਨਾਵਾਇਰਸ ਨਾਲ ਜਾਨ ਗੁਆਉਣ ਵਾਲੇ 95 ਫੀਸਦੀ ਤੋਂ ਜ਼ਿਆਦਾ ਲੋਕਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਹੈ ਕਿ ਸਿਰਫ ਉਮਰ ਹੀ ਬੀਮਾਰੀ ‘ਚ ਇਕਮਾਤਰ ਜੋਖਮ ਨਹੀਂ ਹੈ। ਕਲੁਗੇ ਨੇ ਕਿਹਾ ਕਿ ਇਹ ਧਾਰਨਾ ਗਲਤ ਹੈ ਕਿ ਕੋਵਿਡ-19 ਸਿਰਫ ਬਜ਼ੁਰਗ ਲੋਕਾਂ ‘ਤੇ ਪ੍ਰਭਾਵ ਪਾਉਂਦਾ ਹੈ। ਕੋਪੇਨਹੇਗਨ ‘ਚ ਵੀਰਵਾਰ ਨੂੰ ਆਨਲਾਈਨ ਪ੍ਰੈੱਸ ਵਾਰਤਾ ‘ਚ ਕਲੁਗੇ ਨੇ ਕਿਹਾ ਕਿ ਨੌਜਵਾਨ ਲੋਕ ਵੀ ਇਸ ਤੋਂ ਹਾਰੇ ਨਹੀਂ ਹਨ।
ਸੰਯੁਕਤ ਰਾਸ਼ਟਰ ਸਿਹਤ ਸੰਸਥਾ ਦਾ ਕਹਿਣਾ ਹੈ ਕਿ 50 ਤੋਂ ਘੱਟ ਉਮਰ ਵਰਗ ਦੇ ਲੋਕਾਂ ‘ਚ ਵੀ ਗੰਭੀਰ ਪ੍ਰਭਾਵਿਤ ਹੁੰਦਾ ਹੈ। ਕੁਲਗੇ ਨੇ ਕਿਹਾ 20 ਸਾਲ ਦੇ ਕਰੀਬ ਉਮਰ ਵਾਲਿਆਂ ‘ਚ ਗੰਭੀਰ ਪ੍ਰਭਾਵ ਦੇਖਿਆ ਗਿਆ ਅਤੇ ਇਨ੍ਹਾਂ ‘ਚੋਂ ਬਹੁਤਿਆਂ ਨੂੰ ਸਖਤ ਇਲਾਜ਼ ਦੀ ਜ਼ਰੂਰਤ ਪਈ ਜਦਕਿ ਬਦਕਿਸਮਤੀ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਤਾਜ਼ਾ ਅੰਕੜਿਆਂ ਮੁਤਾਬਕ ਯੂਰਪ ‘ਚ ਹੁਣ ਤਕ 35 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ‘ਚੋਂ ਜ਼ਿਆਦਾਤਰ ਇਟਲੀ, ਫਰਾਂਸ ਅਤੇ ਸਪੇਨ ਦੇ ਸਨ।
ਕੁਲਗੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਮੌਤਾਂ ‘ਚੋਂ 95 ਫੀਸਦੀ ਲੋਕ 60 ਤੋਂ ਜ਼ਿਆਦਾ ਉਮਰ ਦੇ ਸਨ ਜਦਕਿ ਇਨ੍ਹਾਂ ‘ਚੋਂ ਅੱਧੇ ਲੋਕਾਂ ਦੀ ਉਮਰ 80 ਤੋਂ ਜ਼ਿਆਦਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਰਨ ਵਾਲੇ ਪੰਜ ‘ਚੋਂ ਚਾਰ ਲੋਕ ਪਹਿਲਾਂ ਹੀ ਕਿਸੇ ਬੀਮਾਰੀ ਨਾਲ ਪੀੜਤ ਸਨ। ਕੁਲਗੇ ਕਿਹਾ ਕਿ ਇਕ ਸਕਾਰਾਤਮਕ ਪਹਿਲੂ ਤਹਿਤ ਅਜਿਹੀਆਂ ਸੂਚਨਾਵਾਂ ਹਨ ਕਿ ਹਸਪਤਾਲ ‘ਚ ਦਾਖਲ 100 ਤੋਂ ਜ਼ਿਆਦਾ ਉਮਰ ਦੇ ਲੋਕ ਕੋਵਿਡ-19 ਨਾਲ ਠੀਕ ਹੋਏ ਹਨ।


Share