ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਿੰਡ ਪਠਲਾਵਾ ਦੀ ਕੀਤੀ ਘੇਰਾਬੰਦੀ
ਨਵਾਂਸ਼ਹਿਰ, 19 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅੱਜ ਕੋਰੋਨਾਵਾਇਰਸ ਨਾਲ ਪੰਜਾਬ ‘ਚ ਪਹਿਲੀ ਮੌਤ ਹੋਈ ਹੈ। ਬਲਦੇਵ ਸਿੰਘ ਨਾਂ ਦੇ ਬਜ਼ੁਰਗ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪੋਜ਼ਟਿਵ ਆਈ ਹੈ। ਮ੍ਰਿਤਕ ਵਿਅਕਤੀ ਜਰਮਨੀ ਤੋਂ ਵਾਪਸ ਪਰਤਿਆ ਸੀ। ਇਹ ਵਿਅਕਤੀ ਨਵਾਂ ਸ਼ਹਿਰ ਦੇ ਪਿੰਡ ਪਾਠਲਵਾ ਦਾ ਰਹਿਣ ਵਾਲਾ ਸੀ।
72 ਸਾਲਾ ਵਿਅਕਤੀ ਜਰਮਨੀ ਤੋਂ ਇਟਲੀ ਦੇ ਰਸਤੇ ਵਾਪਸ ਪਰਤਿਆ ਸੀ। ਛਾਤੀ ਦੇ ਗੰਭੀਰ ਦਰਦ ਦੇ ਬਾਅਦ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਸ ਨੇ ਦਮ ਤੋੜ ਦਿੱਤਾ।ਮ੍ਰਿਤਕ ਨੂੰ ਸ਼ੂਗਰ ਤੇ ਹਾਈਪਰਟੈਨਸ਼ਨ ਦੀ ਬਿਮਾਰੀ ਵੀ ਸੀ।
ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਿੰਡ ਪਠਲਾਵਾ ਦੀ ਘੇਰਾਬੰਦੀ ਕਰ ਦਿੱਤੀ ਹੈ। ਫਿਲਹਾਲ ਪ੍ਰਸ਼ਾਸਨ ਨੇ ਮ੍ਰਿਤਕ ਦੀ ਰਿਪੋਰਟ ਜਨਤਕ ਨਹੀਂ ਕੀਤੀ ਹੈ। ਨਵਾਂ ਸ਼ਹਿਰ ਦੇ ਡੀਸੀ ਵਿਨੈ ਬੁਬਲਾਨੀ ਮੌਕੇ ਤੇ ਮੌਜੂਦ ਹਨ।
ਦੇਸ਼ ਭਰ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ 168 ਮਰੀਜ਼ ਹਨ। ਦੇਸ਼ ਵਿੱਚ ਹੁਣ 19 ਰਾਜ ਇਸ ਵਿਸ਼ਾਣੂ ਦੀ ਲਪੇਟ ਵਿੱਚ ਹਨ। ਕੱਲ੍ਹ ਪੁਡੂਚੇਰੀ ਵਿੱਚ ਇੱਕ ਨਵਾਂ ਕੇਸ ਸਾਹਮਣੇ ਆਇਆ ਸੀ ਤੇ ਅੱਜ ਚੰਡੀਗੜ੍ਹ ਤੇ ਛੱਤੀਸਗੜ ਵਿੱਚ ਵੀ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਮਹਾਂਰਾਸ਼ਟਰ ਵਿੱਚ ਇਸ ਵਿਨਾਸ਼ਕਾਰੀ ਵਾਇਰਸ ਦੇ ਸਭ ਤੋਂ ਵੱਧ 42 ਮਰੀਜ਼ ਹਨ।ਜਿਨ੍ਹਾਂ ਵਿੱਚ ਤਿੰਨ ਵਿਦੇਸ਼ੀ ਵੀ ਸ਼ਾਮਲ ਹਨ।
ਇਸ ਤੋਂ ਬਾਅਦ ਕੇਰਲ ਵਿੱਚ 25 ਸੰਕਰਮਿਤ ਲੋਕ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਵਿਦੇਸ਼ੀ ਹਨ। ਇਨ੍ਹਾਂ ਦੋਵਾਂ ਰਾਜਾਂ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ 16 (ਇੱਕ ਵਿਦੇਸ਼ੀ), ਹਰਿਆਣਾ ਵਿੱਚ 17 (14 ਵਿਦੇਸ਼ੀ), ਕਰਨਾਟਕ ਵਿੱਚ 11, ਦਿੱਲੀ ਵਿੱਚ 10 (ਇੱਕ ਵਿਦੇਸ਼ੀ), 8 ਲਦਾਖ ਵਿੱਚ, 6 ਤੇਲੰਗਾਨਾ ਵਿੱਚ (ਦੋ ਵਿਦੇਸ਼ੀ) ਰਾਜਸਥਾਨ ਵਿੱਚ ਚਾਰ (ਦੋ ਵਿਦੇਸ਼ੀ), ਜੰਮੂ ਤੇ ਕਸ਼ਮੀਰ ਵਿਚ ਤਿੰਨ, ਆਂਧਰਾ ਪ੍ਰਦੇਸ਼ ਵਿਚ ਦੋ, ਉੜੀਸਾ, ਪੰਜਾਬ, ਤਾਮਿਲਨਾਡੂ, ਉਤਰਾਖੰਡ ਤੇ ਬੰਗਾਲ ਵਿੱਚ ਇੱਕ-ਇੱਕ ਮਰੀਜ਼ ਹਨ।