ਕੋਰੋਨਾਵਾਇਰਸ ਕਾਰਨ ਕੈਲੀਫੋਰਨੀਆ ’ਚ ਪਿਛਲੇ ਪੰਜ ਦਿਨਾਂ ’ਚ 1000 ਤੋਂ ਵੱਧ ਮੌਤਾਂ ਦਰਜ

529
Share

ਫਰਿਜ਼ਨੋ, , 19 ਦਸੰਬਰ (ਮਾਛੀਕੇ/ਪੰਜਾਬ ਮੇਲ)-ਕੈਲੀਫੋਰਨੀਆ ਸੂਬੇ ’ਚ ਕਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ ’ਚ ਵੀ ਭਾਰੀ ਵਾਧਾ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਦਿਨ ’ਚ 379 ਮੌਤਾਂ ਅਤੇ ਦੋ ਦਿਨਾਂ ਦੌਰਾਨ ਤਕਰੀਬਨ 106,000 ਕੋਰੋਨਾਵਾਇਰਸ ਦੇ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ। ਦੇਸ਼ ਦੇ ਜ਼ਿਆਦਾ ਆਬਾਦੀ ਵਾਲੇ ਇਸ ਸੂਬੇ ਵਿਚ ਪਿਛਲੇ ਪੰਜ ਦਿਨਾਂ ਦੌਰਾਨ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ।
ਇਸ ਸੂਬੇ ਦੇ ਕੁੱਲ ਕੋਰੋਨਾ ਮਾਮਲੇ ਹੁਣ ਲਗਭਗ 1.7 ਮਿਲੀਅਨ ਹਨ, ਜਦਕਿ ਸੂਬੇ ਵਿਚ ਮੌਤਾਂ ਦੀ ਗਿਣਤੀ 21,860 ਹੋ ਗਈ ਹੈ। ਇਸ ਦੌਰਾਨ ਕੈਲੀਫੋਰਨੀਆ ਦੇ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਦਾ ਇਲਾਜ ਕਰਨ ਦੀ ਸਮਰੱਥਾ ਤੋਂ ਬਾਹਰ ਚੱਲ ਰਹੇ ਹਨ ਅਤੇ ਇਸ ਸਥਿਤੀ ਨਾਲ ਗੈਰ-ਕੋਵਿਡ ਮਰੀਜ਼ਾਂ ਦੀ ਦੇਖਭਾਲ ਵੀ ਪ੍ਰਭਾਵਿਤ ਹੋ ਰਹੀ ਹੈ। ਲਾਗ ਦੇ ਵਧ ਰਹੇ ਮਾਮਲਿਆਂ ਵਿਚਕਾਰ ਲਾਸ ਏਂਜਲਸ ਦੇ ਮੇਅਰ ਐਰਿਕ ਗਰਸੇਟੀ ਨੇ ਵਾਇਰਸ ਦੀ ਫੈਲ ਰਹੀ ਲਾਗ ਦੇ ਸੰਬੰਧ ਵਿਚ ਇਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਕੁਝ ਦਿਨਾਂ ਦੇ ਅੰਦਰ, ਲਾਸ ਏਂਜਲਸ ਕਾਉਂਟੀ ਸਾਰੇ ਹਸਪਤਾਲਾਂ ’ਚ ਜਗ੍ਹਾ ਅਤੇ ਸਟਾਫ ਦੀ ਘਾਟ ਕਾਰਨ ਸੰਕਟ ਦਾ ਐਲਾਨ ਕਰ ਸਕਦੀ ਹੈ।
ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਪਾਰਕਿੰਗ ਸਥਾਨ ਅਤੇ ਕਾਨਫਰੰਸ ਰੂਮਾਂ ਦੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਲੋੜ ਪੈਣ ’ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇੰਨਾ ਹੀ ਨਹੀਂ, ਕੈਲੀਫੋਰਨੀਆ ਵਿਚ ਹਸਪਤਾਲਾਂ ’ਤੇ ਬੋਝ ਘੱਟ ਕਰਨ ਦੀ ਕੋਸ਼ਿਸ਼ ਵਜੋਂ¿; ਸੈਕਰਾਮੈਂਟੋ ਦੇ ਇਕ ਸਾਬਕਾ ਐੱਨ.ਬੀ.ਏ. ਐਰੀਨਾਂ ਅਤੇ ਦੋ ਸੂਬਿਆਂ ਵਲੋਂ ਚਲਾਏ ਵਿਕਾਸ ਕੇਂਦਰਾਂ ਸਮੇਤ ਪੰਜ ਵਿਕਲਪਕ ਦੇਖਭਾਲ ਸਹੂਲਤਾਂ ਖੋਲ੍ਹਣ ਦੇ ਨਾਲ 1,555 ਬਿਸਤਰਿਆਂ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ।

Share