ਭੁਲੱਥ, 19 ਅਪ੍ਰੈਲ (ਪੰਜਾਬ ਮੇਲ)- ਸੰਸਾਰ ਭਰ ‘ਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ। ਇਕ ਪਾਸੇ ਜਿੱਥੇ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੇ ਹਨ, ਉਥੇ ਹੀ ਭਾਰਤ ਅਤੇ ਪੰਜਾਬ ‘ਚ ਵੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਅੰਕੜੇ ਵੱਧਦੇ ਜਾ ਰਹੇ ਹਨ।
ਤਾਜਾ ਮਾਮਲਾ ਅਮਰੀਕਾ ਦੇ ਸ਼ਹਿਰ ਨਿਊਯਾਰਕ ਦਾ ਹੈ, ਜਿੱਥੇ ਬਜ਼ਰਗ ਜੋੜੇ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਇਹ ਬਜ਼ਰਗ ਜੋੜਾ ਜ਼ਿਲਾ ਕਪੂਰਥਲਾ ਦੇ ਹਲਕਾ ਭੁਲੱਥ ‘ਚ ਪੈਂਦੇ ਪਿੰਡ ਸੈਂਤਪੁਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਾਫੀ ਲੰਬੇ ਸਮੇ ਤੋਂ ਇਹ ਜੋੜਾ ਅਮਰੀਕਾ ‘ਚ ਰਹਿ ਰਿਹਾ ਸੀ। ਦਸ ਦੇਈਏ ਕਿ ਕਿ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਇਸ ਬਜ਼ਰਗ ਜੋੜੇ ਗੁਰਬਚਨ ਸਿੰਘ ਪੁੱਤਰ ਸਰਦਾਰਾ ਸਿੰਘ (75) ਅਤੇ ਉਨ੍ਹਾਂ ਦੀ ਪਤਨੀ ਸਤਵੰਤ ਕੌਰ (72) ਨੂੰ ਪਿਛਲੇ ਦਿਨੀਂ ਬੀਮਾਰ ਹੋਣ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਇਲਾਜ ਦੌਰਾਨ ਡਾਕਟਰਾਂ ਨੇ ਪੰਜਾਬੀ ਜੋੜੇ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਸੀ ਅਤੇ ਇਲਾਜ ਦੌਰਾਨ ਹੀ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਇਸ ਖਬਰ ਬਾਰੇ ਪਤਾ ਲੱਗਣ ‘ਤੇ ਹਲਕਾ ਭੁਲੱਥ ਦੇ ਪਿੰਡ ਸੈਂਤਪੁਰ ‘ਚ ਸੋਗ ਦੀ ਲਹਿਰ ਹੈ।