ਕੋਰੋਨਾਵਾਇਰਸ ਕਾਰਨ ਉਦਾਸੀ ਤੇ ਖ਼ੁਦਕੁਸ਼ੀ ਦੇ ਰੁਝਾਨ ‘ਚ ਹੋ ਰਿਹੈ ਵਾਧਾ

645
Share

ਚੇਨਈ, 28 ਜੂਨ (ਪੰਜਾਬ ਮੇਲ)- ਦੇਸ਼ ‘ਚ ਕੋਵਿਡ-19 ਦਾ ਪ੍ਰਕੋਪ ਤੇਜ਼ੀ ਨਾਲ ਵਧਣ ਦਰਮਿਆਨ ਮਾਨਸਿਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਮਹਾਮਾਰੀ ਕੁਝ ਮਾਮਲਿਆਂ ‘ਚ ਵਾਇਰਸ ਨਾਲ ਪੀੜਤ ਪਾਏ ਗਏ ਲੋਕਾਂ ‘ਚ ਜਲਦ ਘਬਰਾਹਟ ਪੈਦਾ ਕਰਦੀ ਹੈ, ਜੋ ਕਈ ਵਾਰ ਉਦਾਸੀ ਦਾ ਰੂਪ ਲੈ ਲੈਂਦੀ ਹੈ ਅਤੇ ਕੁਝ ਲੋਕਾਂ ਨੂੰ ਤਾਂ ਖ਼ੁਦਕੁਸ਼ੀ ਦੇ ਰਾਹ ‘ਤੇ ਵੀ ਲੈ ਜਾਂਦੀ ਹੈ। ਮਾਹਰਾਂ ਅਨੁਸਾਰ ਘਬਰਾਹਟ, ਇਨਫੈਕਸ਼ਨ ਦਾ ਡਰ, ਜ਼ਿਆਦਾ ਬੇਚੈਨੀ, ਲਗਾਤਾਰ ਭਰੋਸੇ ਕਰਦੇ ਰਹਿਣ ਵਾਲਾ ਵਤੀਰਾ, ਨੀਂਦ ‘ਚ ਪਰੇਸ਼ਾਨੀ, ਬਹੁਤ ਜ਼ਿਆਦਾ ਚਿੰਤਾ, ਬੇਸਹਾਰਾ ਮਹਿਸੂਸ ਕਰਨਾ ਅਤੇ ਆਰਥਿਕ ਮੰਦੀ ਦਾ ਸ਼ੱਕ ਲੋਕਾਂ ‘ਚ ਪਰੇਸ਼ਾਨੀ ਦਾ ਮੁੱਖ ਕਾਰਨ ਹੈ। ਨੌਕਰੀ ਚੱਲੇ ਜਾਣ ਦਾ ਡਰ, ਆਰਥਿਕ ਬੋਝ, ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਭੋਜਨ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਖਤਮ ਹੋਣ ਦਾ ਡਰ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੰਦਾ ਹੈ।
ਕੋਵਿਡ-19 ਦੇ ਪ੍ਰਕੋਪ ਦੇ ਬਾਅਦ ਤੋਂ ਆਨਲਾਈਨ ਮੰਚਾਂ ‘ਤੇ ਵੀ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਲੈ ਕੇ ਮਦਦ ਮੰਗਣ ਵਾਲਿਆਂ ਦੀ ਗਿਣਤੀ ਵਧਦੀ ਹੋਈ ਦੇਖੀ ਗਈ ਹੈ। ਇਨ੍ਹਾਂ ‘ਚੋਂ ਬੇਚੈਨੀ ਤੋਂ ਲੈ ਕੇ ਇਕੱਲੇਪਣ ਅਤੇ ਆਪਣੀ ਸਹੂਲਤ ਤੋਂ ਲੈ ਕੇ ਨੌਕਰੀ ਚੱਲੇ ਜਾਣ ਦੀ ਚਿੰਤਾ ਵਰਗੀਆਂ ਕਈ ਸਮੱਸਿਆਂ ਸ਼ਾਮਲ ਹਨ। ਇੱਥੇ ਮਾਨਸਿਕ ਸਿਹਤ ਸੰਸਥਾ ‘ਚ ਡਾਇਰੈਕਟਰ ਡਾ. ਆਰ. ਪੂਰਨਾ ਚੰਦਰਿਕਾ ਨੇ ਦੱਸਿਆ ਕਿ ਅਪ੍ਰੈਲ ਅੰਤ ਤੱਕ ਕਰੀਬ 3,632 ਫੋਨ ਆਏ ਅਤੇ 2,603 ਫੋਨ ਕਰਨ ਵਾਲਿਆਂ ਨੂੰ ਮਨੋਰੋਗ ਸਲਾਹ ਦਿੱਤੀ ਗਈ। ਉਨ੍ਹਾਂ ਨੇ ਕਿਹਾ, ”ਸਾਡੇ ਕੋਲ ਜ਼ਿਲ੍ਹਿਆਂ ‘ਚ ਆਪਣੇ ਕੇਂਦਰਾਂ ‘ਤੇ ਸਮਰਪਿਤ ਸੇਵਾਵਾਂ ਹਨ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲਾਂ ਲਈ ਆਉਣ ਵਾਲੀ ਕਾਲ ਨੂੰ ਸੰਬੰਧਤ ਸੰਸਥਾਵਾਂ ਨੂੰ ਭੇਜ ਦਿੱਤਾ ਜਾਂਦਾ ਹੈ। ਸੂਬੇ ‘ਚ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਅਤੇ ਇਨ੍ਹਾਂ ‘ਚੋਂ ਜ਼ਿਆਦਾਤਰ ਮਾਮਲੇ ਸ਼ਹਿਰ ਤੋਂ ਹੋਣ ਕਾਰਨ ਗ੍ਰੇਟਰ ਚੇਨਈ ਕਾਰਪੋਰੇਸ਼ਨ ਨੇ ਵੀ ਮੁਫ਼ਤ ਹੈਲਪਲਾਈਨ ਸ਼ੁਰੂ ਕੀਤੀ ਹੈ, ਜੋ ਵਸਨੀਕਾਂ ਨੂੰ ਮਹਾਮਾਰੀ ਦੌਰਾਨ ਤਣਾਅ ਨਾਲ ਨਜਿੱਠਣ ‘ਚ ਮਦਦ ਕਰਵਾਏਗੀ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਹੋਰ ਵਿਗੜਦੀਆਂ ਸਥਿਤੀਆਂ ਕਾਰਨ ਮਾਨਸਿਕ ਸਿਹਤ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਜਿਸ ਨਾਲ ਖੁਦਕੁਸ਼ੀ ਕਰਨ ਦਾ ਰੁਝਾਨ ਵੀ ਵਧ ਸਕਦਾ ਹੈ।


Share