ਬੇਗੋਵਾਲ, 4 ਅਪ੍ਰੈਲ (ਪੰਜਾਬ ਮੇਲ)- ਹਲਕਾ ਭੁਲੱਥ ਦੇ ਪਿੰਡ ਰਾਵਾਂ ਦੇ ਜੋਗਿੰਦਰ ਸਿੰਘ ਦੀ ਕੋਰੋਨਾਵਾਇਰਸ ਕਾਰਨ ਇਟਲੀ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ 53 ਸਾਲਾਂ ਮ੍ਰਿਤਕ ਜੋਗਿੰਦਰ ਸਿੰਘ ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ‘ਚ ਪੈਂਦੇ ਬਿਲਾ ਕਿਆਰਾ ਪਿੰਡ ‘ਚ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ। ਉਹ ਇਕ ਫੈਕਟਰੀ ‘ਚ ਕੰਮ ਕਰਦਾ ਸੀ। ਪਹਿਲਾਂ ਬੁਖਾਰ ਅਤੇ ਬਾਅਦ ‘ਚ ਸਾਹ ਦੀ ਸਮੱਸਿਆ ਤੋਂ ਪੀੜਤ ਹੋਣ ਕਰਕੇ ਜੋਗਿੰਦਰ ਸਿੰਘ ਨੂੰ ਬੀਤੇ ਦਿਨੀਂ 28 ਮਾਰਚ ਨੂੰ ਬਰੇਸ਼ੀਆ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਇਲਾਜ ਤੋਂ ਬਾਅਦ ਉਸਦੀ ਹਾਲਤ ‘ਚ ਇਕ ਵਾਰ ਸੁਧਾਰ ਆਇਆ ਸੀ। ਡਾਕਟਰਾਂ ਵਲੋਂ ਸੈਪਲ ਭੇਜਣ ‘ਤੇ 30 ਮਾਰਚ ਨੂੰ ਜੋਗਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਮੁੜ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਸ਼ੁੱਕਰਵਾਰ (3 ਅਪ੍ਰੈਲ) ਨੂੰ ਇਟਲੀ ਦੇ ਕਰੀਬ 3 ਵਜੇ (ਭਾਰਤੀ ਸਮੇਂ ਅਨੁਸਾਰ ਕਰੀਬ 7 ਵਜੇ) ਜੋਗਿੰਦਰ ਸਿੰਘ ਦੀ ਮੌਤ ਹੋ ਗਈ।