ਕੋਰੋਨਾਵਾਇਰਸ ਕਾਰਨ ਇਟਲੀ ‘ਚ ਦਹਿਸ਼ਤ; ਇਟਲੀ ‘ਚ ਲੱਗੇ ਲਾਸ਼ਾਂ ਦੇ ਢੇਰ, ਫੌਜੀ ਮਦਦ ਲਈ ਗਈ

754

ਰੋਮ, 20 ਮਾਰਚ (ਪੰਜਾਬ ਮੇਲ)- ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਲੱਗਭਗ ਢਾਈ ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਇਟਲੀ ਵਿਚ ਮਹਾਮਾਰੀ ਦਾ ਰੂਪ ਧਾਰ ਲਿਆ ਹੈ। ਦੁਨੀਆ ਭਰ ਦੇ ਸੈਲਾਨੀਆਂ ਦੀ ਪਸੰਦੀਦਾ ਜਗ੍ਹਾ ਇਟਲੀ ਅੱਜ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਇਟਲੀ ਨੇ ਮ੍ਰਿਤਕਾਂ ਦੇ ਮਾਮਲੇ ਵਿਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ‘ਸਿਟੀ ਆਫ ਲਵ’ ਕਹੇ ਜਾਣ ਵਾਲਾ ਵੈਨਿਸ ਸ਼ਹਿਰ ਅੱਜ ਵੀਰਾਨ ਹੈ। ਪੂਰੇ ਦੇਸ਼ ਵਿਚ ਲੌਕਡਾਊਨ ਹੈ।
ਇਟਲੀ ਵਿਚ ਚੀਨ ਨਾਲੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਹਾਲਾਤ ਅਜਿਹੇ ਹਨ ਕਿ ਲਾਸ਼ਾਂ ਨੂੰ ਦਫਨਾਉਣ ਲਈ ਫੌਜ ਨੂੰ ਬੁਲਾਇਆ ਗਿਆ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 3,400 ਤੋਂ ਵਧੇਰੇ ਹੋ ਚੁੱਕੀ ਹੈ। ਪੂਰੇ ਯੂਰਪ ਵਿਚ 80,000 ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ। ਯੂਰਪ ਵਿਚ ਵੀ ਮੌਤਾਂ ਦਾ ਅੰਕੜਾ ਵਧਿਆ ਹੈ, ਇੱਥੇ ਇਸ ਬੀਮਾਰੀ ਨਾਲ ਹੁਣ ਤੱਕ ਕੁੱਲ 3,500 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਭਾਰਤ ਵਿਚ 200 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਇਟਲੀ ਵਿਚ ਬੁੱਧਵਾਰ ਨੂੰ 475 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਲਾਸ਼ਾਂ ਦਾ ਢੇਰ ਲੱਗ ਗਿਆ। ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਬੇਰਗਾਮੋ ਵਿਚ ਹਾਲਾਤ ਅਜਿਹੇ ਬਣ ਗਏ ਕਿ ਲੋਕਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਵਿਚ ਮੁਸ਼ਕਲ ਹੋ ਗਈ।
ਇਸ ਸੰਕਟ ਨਾਲ ਨਜਿੱਠਣ ਲਈ ਫੌਜ ਦੀ ਮਦਦ ਲਈ ਗਈ। ਫੌਜ ਦੀਆਂ ਗੱਡੀਆਂ ਵਿਚ ਦਰਜਨਾਂ ਲਾਸ਼ਾਂ ਨੂੰ ਰੱਖਿਆ ਗਿਆ ਅਤੇ ਫਿਰ ਉਹਨਾਂ ਨੂੰ ਦਫਨਾਉਣ ਲਈ ਸ਼ਹਿਰ ਤੋਂ ਬਾਹਰ ਹੋਰ ਥਾਵਾਂ ‘ਤੇ ਲਿਜਾਇਆ ਗਿਆ। ਇਟਲੀ ਦੇ ਬਹੁਤ ਅਮੀਰ ਬੇਰਗਾਮੋ ਸ਼ਹਿਰ ਵਿਚ ਬੁੱਧਵਾਰ ਨੂੰ ਵਾਇਰਸ ਨਾਲ ਘੱਟੋ-ਘੱਟ 93 ਲੋਕਾਂ ਦੀ ਮੌਤ ਹੋਈ ਸੀ। ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਵੀਰਵਾਰ ਨੂੰ ਇਟਲੀ ਵਿਚ 427 ਲੋਕਾਂ ਦੀ ਮੌਤ ਹੋਈ। ਇਸ ਨਾਲ ਮਰਨ ਵਾਲਿਆਂ ਦਾ ਅੰਕੜਾ 3,405 ਹੋ ਗਿਆ। ਬੇਰਗਾਮੋ ਦੇ ਮੇਅਰ ਗਿਓਗਿਰਿਓ ਗੋਰੀ ਨੇ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆ ਦਾ ਸਹੀ ਅੰਕੜਾ ਹੋਰ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕਈ ਲੋਕਾਂ ਦੀ ਜਾਂਚ ਨਹੀਂ ਕੀਤੀ ਗਈ ਹੈ। ਬੇਰਗਾਮੋ ਵਿਚ ਲਾਸ਼ਾਂ ਨੂੰ ਦਫਨਾਉਣ ਦਾ ਕੰਮ 24 ਘੰਟੇ ਚੱਲ ਰਿਹਾ ਹੈ। ਇੱਥੇ ਰੋਜ਼ਾਨਾ 25 ਲੋਕਾਂ ਨੂੰ ਹੀ ਦਫਨਾਇਆ ਜਾ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਕਈ ਲਾਸ਼ਾਂ ਨੂੰ ਫੌਜ ਦੇ ਟਰੱਕਾਂ ਵਿਚ ਲੱਦ ਕੇ ਸ਼ਹਿਰ ਤੋਂ ਬਾਹਰ ਮੋਦੇਨਾ, ਅਕਵੀ ਟੇਰਮੇ, ਦੋਮੋਦੋਸੋਲਾ, ਪਰਮਾ, ਪਿਸੇਂਜਾ ਅਤੇ ਹੋਰ ਸ਼ਹਿਰਾਂ ਵਿਚ ਲਿਜਾਇਆ ਗਿਆ ਹੈ। ਜਦੋਂ ਇਹਨਾਂ ਲਾਸ਼ਾਂ ਨੂੰ ਸਾੜ ਦਿੱਤਾ ਜਾਵੇਗਾ ਤਾਂ ਉਹਨਾਂ ਦੇ ਅਵਸ਼ੇਸ਼ਾਂ ਨੂੰ ਬੇਰਗਾਮੋ ਲਿਆਇਆ ਜਾਵੇਗਾ। ਲਾਸ਼ਾਂ ਨੂੰ ਦਫਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਟਲੀ ਵਿਚ ਲਾਸ਼ਾਂ ਇੰਨੀਆਂ ਜ਼ਿਆਦਾ ਹਨ ਕਿ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਹੋ ਪਾ ਰਿਹਾ। ਇਸੇ ਕਾਰਨ ਉਹਨਾਂ ਨੂੰ ਚਰਚਾਂ ਦੇ ਅੰਦਰ ਬਣੇ ਕਬਰਗਾਹ ਵਿਚ ਰੱਖਿਆ ਗਿਆ ਹੈ। ਲਾਸ਼ਾਂ ਦੇ ਤਾਬੂਤਾਂ ਨਾਲ ਦੋ ਹਸਪਤਾਲ ਭਰੇ ਹੋਏ ਹਨ। ਜਿਹਨਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਕਰੀਬੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਰ ਬਹੁਤ ਹੀ ਘੱਟ ਗਿਣਤੀ ਵਿਚ ਅਤੇ ਬਹੁਤ ਦੂਰੀ ਤੋਂ ਤਾਂ ਜੋ ਵਾਇਰਸ ਦਾ ਇਨਫੈਕਸ਼ਨ ਨਾ ਫੈਲੇ। ਅਖਬਾਰਾਂ ਵਿਚ 10-10 ਸਫਿਆਂ ਦੇ ਸੋਗ ਸੰਦੇਸ਼ ਦਿੱਤੇ ਜਾ ਰਹੇ ਹਨ।