ਕੋਰੋਨਾਵਾਇਰਸ ਕਾਰਨ ਅਮਰੀਕਾ ਦੇ ਅਜ਼ਾਦੀ ਦਿਵਸ ਦੀ ਪਰੇਡ ਰੱਦ

852

ਵਾਸ਼ਿੰਗਟਨ ਡੀ.ਸੀ., 10 ਮਈ (ਰਾਜ ਗੋਗਨਾ/ਪੰਜਾਬ ਮੇਲ)- ਵਾਸ਼ਿੰਗਟਨ ਡੀ.ਸੀ. ਵਿਖੇ ਹਰ ਸਾਲ 4 ਜੁਲਾਈ ਨੂੰ ਕੱਢੀ ਜਾਣ ਵਾਲੀ ਆਜ਼ਾਦੀ ਦਿਵਸ ਪਰੇਡ ਨੂੰ ਇਸ ਵਾਰ ਕੋਰੋਨਾਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਪਰੇਡ ਨੂੰ ਵੇਖਣ ਲਈ ਪੂਰੇ ਅਮਰੀਕਾ ਤੋਂ ਤਕਰੀਬਨ ਦੋ ਮਿਲੀਅਨ ਦੇ ਕਰੀਬ ਲੋਕ ਸ਼ਾਮਲ ਹੁੰਦੇ ਸਨ। ਸਿੱਖਸ ਆਫ ਅਮਰੀਕਾ ਸੰਸਥਾ ਵੀ ਦਸਤਾਰਧਾਰੀ ਸਿੱਖਾਂ ਦੀ ਸ਼ਮੂਲੀਅਤ ਕਰਵਾ ਕੇ ਅਮਰੀਕੀ ਲੋਕਾਂ ਨੂੰ ਸਿੱਖਾਂ ਦੀ ਪਹਿਚਾਣ ਅਤੇ ਕਾਰਗੁਜ਼ਾਰੀਆਂ ਨੂੰ ਦਰਸਾਉਂਦਾ ਫਲੋਟ ਬਣਵਾਉਂਦੀ ਸੀ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਸ ਸਬੰਧੀ ਇੱਕ ਟੈਲੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਸਾਰੇ ਡਾਇਰੈਕਟਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਅਗਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਸ. ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿੱਖਸ ਆਫ ਅਮਰੀਕਾ ਨੇ ਦੱਸਿਆ ਕਿ ਸਿੱਖ ਕਮਿਊਨਿਟੀ ਸਿੱਖਸ ਆਫ ਅਮਰੀਕਾ ਸੰਸਥਾ ਦੇ ਬੈਨਰ ਹੇਠ ਕੋਰੋਨਾਵਾਇਰਸ ਬੀਮਾਰੀ ਦੀ ਰੋਕਥਾਮ ਲਈ ਕਈ ਕਾਰਜ ਕਰ ਰਹੀ ਹੈ, ਤਾਂ ਜੋ ਇਸ ਤੋਂ ਮੁਕਤੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਜੁਝਾਰੂ ਵਰਕਰ ਮਾਸਕ, ਬੀਮਾਰੀ ਦੀ ਜਾਗਰੂਕਤਾ ਲਈ ਲਿਟਰੇਚਰ ਅਤੇ ਜਾਗਰੂਕ ਪ੍ਰੋਗਰਾਮ ਜ਼ਮੀਨੀ ਪੱਧਰ ‘ਤੇ ਬਹੁਤ ਹੀ ਸੁਲਝੇ ਢੰਗ ਨਾਲ ਕਰ ਰਹੇ ਹਨ। ਇਸ ਦਾ ਕਮਿਊਨਿਟੀ ਖੂਬ ਲਾਹਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵਲੋਂ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਦਰੁੱਸਤ ਹੈ ਅਤੇ ਸਿੱਖਸ ਆਫ ਅਮਰੀਕਾ ਪਰੇਡ ‘ਤੇ ਹੋਣ ਵਾਲੇ ਖਰਚੇ ਨੂੰ ਹੁਣ ਸਮਾਜਿਕ ਕੰਮਾਂ ‘ਤੇ ਲਗਾਵੇਗੀ, ਤਾਂ ਜੋ ਕਮਿਊਨਿਟੀ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਸਿੱਖਸ ਆਫ ਅਮਰੀਕਾ ਦੇ ਸਮੂਹ ਡਾਇਰੈਕਟਰਾਂ ਬਲਜਿੰਦਰ ਸਿੰਘ ਸ਼ੰਮੀ, ਸਰਬਜੀਤ ਸਿੰਘ ਬਖਸ਼ੀ, ਸਾਜਿਦ ਤਰਾਰ, ਸੁਰਿੰਦਰ ਸਿੰਘ ਰਹੇਜਾ, ਮਨਿੰਦਰ ਸਿੰਘ ਸੇਠੀ, ਚੱਤਰ ਸਿੰਘ ਸੈਣੀ, ਗੁਰਚਰਨ ਸਿੰਘ, ਗੁਰਿੰਦਰ ਸਿੰਘ ਸੇਠੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਪਰੇਡ ਦੇ ਪ੍ਰਬੰਧਕਾਂ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕੋਰੋਨਾਵਾਇਰਸ ਕਾਰਨ ਮਾਰੇ ਗਏ ਲੋਕਾਂ ‘ਤੇ ਡੂੰਘਾ ਅਫਸੋਸ ਕੀਤਾ। ਇਸ ਦੇ ਨਾਲ-ਨਾਲ ਵੱਖ-ਵੱਖ ਕਮਿਊਨਿਟੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬਚਾਇਆ ਜਾਵੇ।