ਕੋਰੋਨਾਵਾਇਰਸ ਕਾਰਨ ਅਦਾਲਤਾਂ ‘ਚ ਵੀ ਲੱਗੀ ਰੋਕ

728

ਜਲੰਧਰ, 18 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਨੂੰ ਦੇਖਦੇ ਹੋਏ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੀਤੀ। ਇਸ ਮੀਟਿੰਗ ‘ਚ ਪ੍ਰਧਾਨ ਨੇ ਦੱਸਿਆ ਕਿ ਅਦਾਲਤਾਂ ‘ਚ ਵਕੀਲ ਕੇਵਲ ਜ਼ਮਾਨਤ ਅਤੇ ਸਟੇਅ ਲਈ (ਜ਼ਰੂਰੀ ਕੰਮ) ਹੀ ਹਾਜ਼ਰ ਹੋਣਗੇ ਅਤੇ ਕੇਸਾਂ ਦੀ ਪੈਰਵੀ ਦੌਰਾਨ ਆਉਣ-ਜਾਣ ਵਾਲੇ ਹੋਰਨਾਂ ਲੋਕਾਂ ਦੇ ਅਦਾਲਤ ਦੇ ਅੰਦਰ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਜਾਣਕਾਰੀ ਬਾਰ ਸਕੱਤਰ ਸੁਸ਼ੀਲ ਮਹਿਤਾ ਨੇ ਮੀਟਿੰਗ ਦੌਰਾਨ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਜ਼ਿਲ੍ਹਾ ਸੈਸ਼ਨ ਜੱਜ ਮਾਣਯੋਗ ਐੱਸ.ਕੇ. ਗਰਗ ਦੇ ਨਾਲ ਵੀ ਮੀਟਿੰਗ ਕੀਤੀ, ਜਿਸ ‘ਚ ਜ਼ਿਲ੍ਹਾ ਸੈਸ਼ਨ ਜੱਜ ਗਰਗ ਵਲੋਂ ਵਕੀਲਾਂ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਅਦਾਲਤਾਂ ‘ਚ 31 ਮਾਰਚ ਤੱਕ ਲਈ ਜੂਡੀਸ਼ੀਅਲ ਨਿਆਇਕ ਅਧਿਕਾਰੀ ਕੇਵਲ ਜ਼ਰੂਰੀ ਕਾਰਜ ਹੀ ਕਰਨਗੇ ਅਤੇ ਵਕੀਲਾਂ ਨੂੰ ਸਹਿਯੋਗ ਦੇਣਗੇ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਵਿਸ਼ਵਾਸ ਦਿੱਤਾ ਕਿ ਉਨ੍ਹਾਂ ਨੇ (ਸੀ.ਐੱਮ.ਓ.) ਚੀਫ ਮੈਡੀਕਲ ਅਫਸਰ ਅਤੇ ਨਗਰ ਨਿਗਮ ਕਮਿਸ਼ਨਰ ਜਲੰਧਰ ਨੂੰ ਵੀ ਇਸ ਭਿਆਨਕ ਬੀਮਾਰੀ (ਕੋਰੋਨਾਵਾਇਰਸ) ਤੋਂ ਵਕੀਲਾਂ ਦੀ ਰੱਖਿਆ ਕਰਨ ਲਈ ਉਚਿਤ ਪ੍ਰਬੰਧ ਕਰਨ ਲਈ ਕਹਿ ਦਿੱਤਾ ਹੈ।
ਇਸ ਦੇ ਇਲਾਵਾ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 3 ਅਪ੍ਰੈਲ 2020 ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰ ਕੇ ਉਸ ਦੀ ਮਿਤੀ 17 ਅਪ੍ਰੈਲ 2020 ਤੱਕ ਲਈ ਤੈਅ ਕਰ ਦਿੱਤੀ ਹੈ।
ਕੋਰੋਨਾਵਾਇਰਸ ਨੂੰ ਲੈ ਕੇ ਮੰਗਲਵਾਰ ਦੁਪਹਿਰ ਬਾਅਦ ਵੀ ਅਦਾਲਤੀ ਕੰਪਲੈਕਸ ‘ਚ ਪੁਲਿਸ ਪ੍ਰਸ਼ਾਸਨ ਨੇ ਤਰੀਕ ਭੁਗਤਣ ਆਏ ਲੋਕਾਂ ਨੂੰ ਅਦਾਲਤੀ ਕੰਪਲੈਕਸ ‘ਚ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।