ਕੋਰੋਨਾਵਾਇਰਸ ਕਦੋਂ ਜਾਵੇਗੀ, ਕਹਿਣਾ ਮੁਸ਼ਕਲ : ਮਾਹਰਾਂ ਵੱਲੋਂ ਗੰਭੀਰ ਚਿਤਾਵਨੀ

105
Share

-ਕਿਹਾ: ਜਦੋਂ ਤੱਕ ਮੌਜੂਦਾ ਮਹਾਂਮਾਰੀ ਦੀ ਉਤਪਤੀ ਦਾ ਪਤਾ ਨਹੀਂ ਲਗਾਇਆ ਜਾਂਦਾ, ਇਹ ਵਾਰ-ਵਾਰ ਆਵੇਗੀ
ਵਾਸ਼ਿੰਗਟਨ, 1 ਜੂਨ (ਪੰਜਾਬ ਮੇਲ) ਭਾਰਤ ਸਮੇਤ ਪੂਰੀ ਦੁਨੀਆਂ ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਅਤੇ ਕਰੋੜਾਂ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਲੋਕ ਛੇਤੀ ਤੋਂ ਛੇਤੀ ਇਸ ਮਹਾਮਾਰੀ ਤੋਂ ਮੁਕਤੀ ਦੀ ਉਮੀਦ ਕਰ ਰਹੇ ਹਨ ਪਰ ਇਸੇ ਦੌਰਾਨ ਅਮਰੀਕਾ ਦੇ 2 ਹੋਰ ਵਾਇਰਸ ਰੋਗ ਮਾਹਰਾਂ ਨੇ ਗੰਭੀਰ ਚਿਤਾਵਨੀ ਦਿੱਤੀ ਹੈ। ਕੋਰੋਨਾ ਮਹਾਮਾਰੀ ਕਦੋਂ ਜਾਵੇਗੀ, ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਇਨ੍ਹਾਂ ਮੁਤਾਬਕ ਇਹ ਜ਼ਰੂਰ ਹੈ ਕਿ ਇਹ ਵਾਰ-ਵਾਰ ਆਵੇਗੀ ਅਤੇ ਉਦੋਂ ਤੱਕ ਆਉਂਦੀ ਰਹੇਗੀ, ਜਦੋਂ ਤੱਕ ਮੌਜੂਦਾ ਮਹਾਮਾਰੀ ਦੀ ਉਤਪਤੀ ਦਾ ਪਤਾ ਨਹੀਂ ਲਗਾ ਲਿਆ ਜਾਂਦਾ।
ਟੈਕਸਾਨ ਚਿਲਡਰਨ ਹਸਪਤਾਲ ਸੈਂਟਰ ਫਾਰ ਵੈਕਸੀਨ ਡਿਵੈਲਪਮੈਂਟ ਦੇ ਸਹਿ-ਨਿਰਦੇਸ਼ਕ ਪੀਟਰ ਹੋਟੇਜ ਨੇ ਐੱਨ.ਬੀ.ਸੀ. ਦੇ ‘ਮੀਟ ਦਿ ਪ੍ਰੈੱਸ’ ਪ੍ਰੋਗਰਾਮ ’ਚ ਕਿਹਾ ਕਿ ਜਦੋਂ ਤੱਕ ਅਸੀਂ ਕੋਵਿਡ-19 ਦੀ ਉਤਪਤੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਲੈਂਦੇ ਹਾਂ, ਉਦੋਂ ਤੱਕ ਕੋਵਿਡ-26 ਅਤੇ ਕੋਵਿਡ-32 ਹੁੰਦੇ ਰਹਿਣਗੇ। ਕੋਰੋਨਾਵਾਇਰਸ ਨੂੰ ਸਾਹਮਣੇ ਆਏ ਲਗਭਗ ਡੇਢ ਸਾਲ ਹੋ ਗਿਆ ਹੈ ਪਰ ਅਜੇ ਤੱਕ ਇਸ ਦੀ ਉਤਪਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਖੁਫੀਆ ਏਜੰਸੀਆਂ ਨੂੰ 3 ਮਹੀਨੇ ਦੇ ਅੰਦਰ ਇਸਦਾ ਪਤਾ ਲਗਾਉਣ ਦਾ ਹੁਕਮ ਦੇ ਚੁੱਕੇ ਹਨ।
ਕੋਰੋਨਾਵਾਇਰਸ ਦੀ ਉਤਪਤੀ ਨੂੰ ਲੈ ਕੇ ਦੁਨੀਆਂ ’ਚ 2 ਤਰ੍ਹਾਂ ਦੀਆਂ ਸੰਭਾਵਨਾਵਾਂ ’ਤੇ ਬਹਿਸ ਚੱਲ ਰਹੀ ਹੈ। ਇਕ ਇਹ ਕਿ ਜਾਨਵਰਾਂ ਤੋਂ ਇਨਸਾਨ ’ਚ ਆਇਆ ਅਤੇ ਦੂਜਾ ਇਸ ਨੂੰ ਚੀਨ ਦੀ ਵੁਹਾਨ ਲੈਬ ’ਚ ਤਿਆਰ ਕੀਤਾ ਗਿਆ। ਟਰੰਪ ਸਰਕਾਰ ’ਚ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫ.ਡੀ.ਏ.) ’ਚ ਕਮਿਸ਼ਨਰ ਰਹਿ ਚੁੱਕੇ ਅਤੇ ਹੁਣ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਇੰਕ ਦੇ ਬੋਰਡ ਦੇ ਮੈਂਬਰ ਸਕਾਟ ਗੋਟਲੀਬ ਦਾ ਕਹਿਣਾ ਹੈ ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਹ ਕੋਰੋਨਾ ਵਾਇਰਸ ਦੇ ਚੀਨ ਦੀ ਲੈਬ ’ਚ ਬਣਾਏ ਜਾਣ ਦੀ ਸੰਭਾਵਨਾ ਨੂੰ ਮਜ਼ਬੂਤ ਕਰਦੀ ਹੈ।

Share