ਕੋਰੋਨਾਵਾਇਰਸ : ਆਪਣੇ ਦੇਸ਼ ਨੂੰ ਬਚਾਉਣ ਲਈ ਮੈਦਾਨ ‘ਚ ਉਤਰਿਆ ਆਇਰਲੈਂਡ ਦਾ ਪ੍ਰਧਾਨ ਮੰਤਰੀ

719
Share

ਲੰਡਨ, 6 ਅਪ੍ਰੈਲ (ਪੰਜਾਬ ਮੇਲ)- ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਦਕਰ ਪੇਸ਼ੇ ਤੋਂ ਡਾਕਟਰ ਹਨ ਅਤੇ ਦੇਸ਼ ਵਿਚ ਕੋਰੋਨਾਵਾਇਰਸ ਦੇ ਸੰਕਟ ਵਿਚਾਲੇ ਉਨ੍ਹਾਂ ਨੇ ਡਾਕਟਰ ਵਜੋਂ ਆਪਣੀ ਭੂਮਿਕਾ ਵਿਚ ਵਾਪਸ ਆਉਣ ਦਾ ਫੈਸਲਾ ਕੀਤਾ ਹੈ। ਉਨਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਵੀ ਦੇਸ਼ ਦੀ ਸਿਹਤ ਸੇਵਾ ਵਿਚ ਕੰਮ ਕਰ ਰਹੇ ਹਨ। ‘ਦਿ ਆਇਰਿਸ਼ ਟਾਈਮਸ’ ਮੁਤਾਬਕ, ਪ੍ਰਧਾਨ ਮੰਤਰੀ ਨੇ ਮਾਰਚ ਵਿਚ ਮੈਡੀਕਲ ਰਜਿਸਟਰ ਵਿਚ ਫਿਰ ਤੋਂ ਰਜਿਸਟ੍ਰੇਸ਼ਨ ਕਰਾਇਆ। ਇਸ ਮਹੀਨੇ ਮਹਾਮਾਰੀ ਨੇ ਮੁਲਕ ਨੂੰ ਆਪਣੀ ਲਪੇਟ ਵਿਚ ਲਿਆ ਸੀ।

ਵਰਦਕਰ (41) ਨੇ ਦੇਸ਼ ਦੀ ਹੈਲਥ ਸਰਵਿਸ ਐਗਜ਼ੀਕਿਊਟਿਵ (ਐਚ. ਐਸ. ਈ.) ਵਿਚ ਕੰਮ ਕਰਨ ਦਾ ਫੈਸਲਾ ਕੀਤਾ ਹੈ, ਜੋ ਉਨ੍ਹਾਂ ਲੋਕਾਂ ਨੂੰ ਫੋਨ ‘ਤੇ ਜਾਣਕਾਰੀ ਮੁਹਈਆ ਕਰਾਉਂਦੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿਚ ਆਏ ਹੋ ਸਕਦੇ ਹਨ। ਪ੍ਰਧਾਨ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਅਤੇ ਦੋਸਤ ਸਿਹਤ ਸੇਵਾ ਵਿਚ ਕੰਮ ਕਰ ਰਹੇ ਹਨ। ਉਹ ਇਸ ਛੋਟੇ ਜਿਹੇ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਸਨ।

ਵਰਦਕਰ ਨੇ ਮੈਡੀਸਨ ਦੀ ਪਡ਼ਾਈ ਕੀਤੀ ਹੈ ਅਤੇ 7 ਸਾਲ ਤੱਕ ਡਾਕਟਰ ਦੇ ਤੌਰ ‘ਤੇ ਕੰਮ ਕੀਤਾ ਹੈ। 2017 ਵਿਚ ਆਇਰਲੈਂਡ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਉਹ ਪਹਿਲੇ ਐਲਾਨੇ ਗਏ ਸਮਲਿੰਗੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਭਾਰਤ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਜਿਉਂਦਾ ਰੱਖਿਆ ਅਤੇ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਵਿਚ ਇੰਟਰਸ਼ਿਪ ਕੀਤੀ ਸੀ ਅਤੇ 2013 ਵਿਚ ਡਾਕਟਰ ਦੇ ਤੌਰ ‘ਤੇ ਰਜਿਸਟਰਡ ਕਰਾਇਆ ਸੀ। ਉਨ੍ਹਾਂ ਦੇ ਸਾਥੀ ਮੈਥਿਊ ਬਰੇਟ ਦੇ ਨਾਲ-ਨਾਲ ਉਨ੍ਹਾਂ ਦੀਆਂ ਦੋਹਾਂ ਭੈਣਾਂ ਅਤੇ ਹੋਰ ਰਿਸ਼ਤੇਦਾਰ ਵੀ ਆਇਰਲੈਂਡ ਦੀ ਸਿਹਤ ਸੇਵਾ ਵਿਚ ਕੰਮ ਕਰ ਰਹੇ ਹਨ। ਅਖਬਾਰ ਮੁਤਾਬਕ, ਪ੍ਰਧਾਨ ਮੰਤਰੀ ਹਰ ਹਫਤੇ ਇਕ ਸ਼ਿਫਟ ਵਿਚ ਆਪਣੀ ਸੇਵਾ ਦੇਣਗੇ ਅਤੇ ਕੋਵਿਡ-19 ਦੇ ਸੰਕਟ ਦੌਰਾਨ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖਣਗੇ।


Share