ਕੋਰੋਨਾਵਾਇਰਸ : ਅਮਰੀਕਾ ਵਿਚ 11 ਭਾਰਤੀਆਂ ਦੀ ਮੌਤ

1046
Share

ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਵਿਡ-19 ਨਾਲ ਘੱਟੋ-ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਹੈ। ਜਦਕਿ 16 ਹੋਰ ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਅਮਰੀਕਾ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 14 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਅਮਰੀਕਾ ਵਿਚ ਫੈਲੇ ਭਿਆਨਕ ਇਨਫੈਕਸ਼ਨ ਨਾਲ ਜਿਹੜੇ ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ ਉਹ ਸਾਰੇ ਪੁਰਸ਼ ਹਨ। ਇਹਨਾਂ ਵਿਚੋਂ 10 ਨਿਊਯਾਰਕ ਅਤੇ ਨਿਊਜਰਸੀ ਖੇਤਰ ਤੋਂ ਹਨ। ਮ੍ਰਿਤਕਾਂ ਵਿਚੋਂ 4 ਨਿਊਯਾਰਕ ਸ਼ਹਿਰ ਵਿਚ ਟੈਕਸੀ ਚਾਲਕ ਦੱਸੇ ਜਾ ਰਹੇ ਹਨ। 

ਫਲੋਰੀਡਾ ਵਿਚ ਇਕ ਭਾਰਤੀ ਨਾਗਰਿਕ ਦੀ ਕਥਿਤ ਤੌਰ ‘ਤੇ ਕੋਰੋਨਾਵਾਇਰਸ ਦੇ ਕਾਰਨ ਮੌਤ ਹੋ ਗਈ। ਕੈਲੀਫੋਰਨੀਆ ਅਤੇ ਟੈਕਸਾਸ ਸੂਬਿਆਂ ਵਿਚ ਅਧਿਕਾਰੀ ਕੁਝ ਹੋਰ ਭਾਰਤੀ ਮੂਲ ਦੇ ਲੋਕਾਂ ਦੀ ਕੌਮੀਅਤ ਦਾ ਵੀ ਪਤਾ ਲਗਾ ਰਹੇ ਹਨ। ਇਸ ਦੇ ਇਲਾਵਾ 4 ਔਰਤਾਂ ਸਮੇਤ 16 ਭਾਰਤੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਹ ਸਾਰੇ ਵੱਖੋ-ਵੱਖ ਰਹਿ ਰਹੇ ਹਨ।ਉਹਨਾਂ ਵਿਚੋਂ 8 ਨਿਊਯਾਰਕ ਤੋਂ, 3 ਨਿਊਜਰਸੀ ਤੋਂ ਅਤੇ ਬਾਕੀ ਟੈਕਸਾਸ ਅਤੇ ਕੈਲੀਫੋਰਨੀਆ ਜਿਹੇ ਰਾਜਾਂ ਤੋਂ ਹਨ। ਇਹ ਭਾਰਤੀ ਉਤਰਾਖੰਡ, ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਜਿਹੇ ਰਾਜਾਂ ਦੇ ਰਹਿਣ ਵਾਲੇ ਹਨ। ਕੋਵਿਡ-19 ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਲੋੜੀਂਦੀ ਮਦਦ ਪ੍ਰਦਾਨ ਕਰਨ ਲਈ ਭਾਰਤੀ ਦੂਤਾਵਾਸ ਅਤੇ ਅਮਰੀਕਾ ਭਰ ਵਿਚ ਸਥਿਤ ਵਣਜ ਦੂਤਾਵਾਸ ਸਥਾਨਕ ਅਧਿਕਾਰੀਆਂ ਅਤੇ ਭਾਰਤੀ-ਅਮਰੀਕੀ ਸੰਗਠਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।


Share