ਕੋਰੋਨਾਵਾਇਰਸ : ਅਮਰੀਕਾ ਵਿਚ ਇਕ ਦਿਨ ‘ਚ 788 ਮੌਤਾਂ

404
Share

ਮ੍ਰਿਤਕਾਂ ਦੀ ਗਿਣਤੀ 4,773 ਹੋਈ

ਵਾਸ਼ਿੰਗਟਨ, 2 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਡਰਾ ਕੇ ਰੱਖਿਆ ਹੋਇਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨ, 2 ਹਫਤਿਆਂ ਵਿਚ 1 ਤੋਂ 2 ਲੱਖ ਮੌਤਾਂ ਹੋ ਸਕਦੀਆਂ ਹਨ, ਇਹ ਸੁਣ ਕੇ ਲੋਕ ਹੋਰ ਘਬਰਾ ਗਏ ਹਨ। ਉਥੇ ਹੀ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਦਿਨੋਂ-ਦਿਨ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਵਧ ਰਹੀਆਂ ਹਨ ਅਤੇ ਪਾਜ਼ੇਟਵਿ ਮਾਮਲੇ ਵੀ ਉਮੀਦ ਤੋਂ ਵੀ ਜ਼ਿਆਦਾ ਸਾਹਮਣੇ ਆਏ ਰਹੇ ਹਨ। ਅਮਰੀਕਾ ਵਿਚ ਅੱਜ ਆ ਰਹੇ ਅੰਕਡ਼ਿਆਂ ਮੁਤਾਬਕ ਅੱਜ 788 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 25,723 ਲੋਕ ਹੋਰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਹਨ। ਅੱਜ ਦੇ ਇਹ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ ਹੁਣ ਤੱਕ ਕਰੀਬ 4,773 ਲੋਕਾਂ ਦੀ ਇਸ ਵਾਇਰਸ ਨੇ ਜਾਨ ਲੈ ਲਈ ਹੈ ਅਤੇ 214,253 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 8,805 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

ਦੱਸ ਦਈਏ ਕਿ ਅਮਰੀਕਾ ਵਿਚ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਨਿਊਯਾਰਕ ਵਿਚ ਦੇਖਣ ਨੂੰ ਮਿਲਿਆ ਹੈ। ਜਿਥੇ ਹੁਣ ਤੱਕ 2000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ 83,000 ਤੋਂ ਜ਼ਿਆਦਾ ਕੋਰੋਨਾਵਾਇਰਸ ਪਾਜ਼ੇਟਿਵ ਮਾਮਲੇ ਪਾਏ ਗਏ ਹਨ। ਬੀਤੇ ਦਿਨੀਂ ਜਿਥੇ ਅਮਰੀਕਾ ਵਿਚ ਇਕ ਦਿਨ ਵਿਚ 24,000 ਤੋਂ ਜ਼ਿਆਦਾ ਕੋਰੋਨਾ ਤੋਂ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਸਨ ਅਤੇ ਉਥੇ ਹੀ ਹੀ ਅੱਜ ਇਕ ਦਿਨ ਵਿਚ ਇਹ ਮਾਮਲੇ 25,000 ਤੋਂ ਜ਼ਿਆਦਾ ਪਾਏ ਗਏ ਹਨ। ਅਮਰੀਕਾ ਵਿਚ ਵਾਇਰਸ ਨੂੰ ਕੰਟਰੋਲ ਵਿਚ ਕਰਨ ਲਈ ਰੂਸ ਅਤੇ ਚੀਨ ਤੋਂ ਮੈਡੀਕਲ ਉਪਕਰਣ ਵੀ ਮੰਗਾਏ ਗਏ ਹਨ, ਜਿਸ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।


Share