ਕੋਰੋਨਾਵਾਇਰਸ : ਅਮਰੀਕਾ ‘ਚ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਵਿਚਕਾਰ ਨਿਊਯਾਰਕ ਛੱਡ ਰਹੀਆਂ ਨੇ ਗਰਭਵਤੀ ਔਰਤਾਂ

668
Share

ਨਿਊਯਾਰਕ, 2 ਅਪ੍ਰੈਲ (ਪੰਜਾਬ ਮੇਲ)-ਕੋਰੋਨਾ ਦਾ ਖੌਫ ਪੂਰੀ ਦੁਨੀਆ ‘ਚ ਬਣਿਆ ਹੋਇਆ ਹੈ। ਸੁਪਰਪਾਵਰ ਕਹੇ ਜਾਣ ਵਾਲੇ ਅਮਰੀਕਾ ‘ਤੇ ਵੀ ਕੋਰੋਨਾ ਕਹਿਰ ਵਾਇਰਸ ਢਾਹ ਰਿਹਾ ਹੈ ਅਮਰੀਕਾ ‘ਚ ਕੋਰੋਨਾ ਵਾਇਰਸ ਤੋਂ ਪੀੜਤ ਕੁਲ ਮਾਮਲੇ 2 ਲੱਖ ਤੋਂ ਜ਼ਿਆਦਾ ਹੋ ਗਏ ਹਨ ਅਤੇ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਇਥੇ ਤਕ ਪਹੁੰਚ ਗਏ ਹਨ ਕਿ ਇਥੇ ਯੁੱਧ ਵਰਗੇ ਹਾਲਾਤ ਬਣ ਗਏ ਹਨ ਅਤੇ ਔਰਤਾਂ ਸਹਿਰ ਛੱਡ ਰਹੀਆਂ ਹਨ।
ਦਰਅਸਲ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਾਮਲੇ ‘ਚ ਚੀਨ ਅਤੇ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਦੌਰਾਨ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤਕ ਅਮਰੀਕਾ ‘ਚ ਕੋਰੋਨਾ ਦਾ ਭਿਆਨਕ ਰੂਪ ਸਾਹਮਣੇ ਆਉਣਾ ਬਾਕੀ ਹੈ। ਅਮਰੀਕੀ ਰਾਸ਼ਟਰਪਤੀ ਨੇ ਵੀ ਆਉਣ ਵਾਲੇ ਦੋ ਹਫਤਿਆਂ ਨੂੰ ਮੁਸ਼ਕਿਲ ਭਰਿਆ ਦੱਸਿਆ ਹੈ।
ਨਿਊਯਾਰਕ ਸਿਟੀ, ਜੋ ਇਥੇ ਕੋਰੋਨਾ ਦੇ ਮਾਮਲਿਆਂ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ, ਇਤੋਂ ਗਰਭਵਤੀ ਔਰਤਾਂ ਦੂਜੇ ਸੁਰੱਖਿਅਤ ਸ਼ਹਿਰਾਂ ਵੱਲ ਜਾ ਰਹੀਆਂ ਹਨ। ਨਿਊਯਾਰਕ ਟਾਇਮ ਦੀ ਇਕ ਰਿਪੋਰਟ ਮੁਤਾਬਕ ਨਿਊਯਾਰਕ ਦੀ ਇਕ ਮਹਿਲਾ 31 ਹਫਤੇ ਦੀ ਗਰਭਵਤੀ ਹੈ। ਉਹ ਨਿਊਯਾਰਕ ਤੋਂ ਕੋਲਾਰੇਡੋ ਚਲੀ ਗਈ ਹੈ। ਉਨ੍ਹਾਂ ਨੇ ਨਿਊਯਾਰਕ ਦੇ ਇਕ ਹਸਪਤਾਲ ‘ਚ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾਈ ਸੀ, ਪਰ ਹੁਣ ਉਨ੍ਹਾਂ ਨੂੰ ਇਹ ਕਾਫੀ ਡਰਾਉਣਾ ਲੱਗ ਰਿਹਾ ਹੈ।
ਨਿਊਯਾਰਕ ਟਾਇਮ ਨਾਲ ਗੱਲਬਾਤ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਨਿਊਯਾਰਕ ਛੱਡਣਾ ਸਹੀ ਫੈਸਲਾ ਹੈ। ਜਿਵੇਂ ਹੀ ਮੈਂ ਜਹਾਜ਼ ‘ਚ ਉਡਾਣ ਭਰੀ ਸੀ, ਮੈਂ ਬੁਰੀ ਤਰ੍ਹਾਂ ਰੋਣ ਲੱਗੀ ਸੀ, ਮੈਨੂੰ ਆਪਣਾ ਘਰ ਛੱਡਣ ਦਾ ਦੁੱਖ ਹੈ। ਮਹਿਲਾ ਦਾ ਕਹਿਣਾ ਹੈ ਕਿ ਇਥੇ ਹਸਪਤਾਲਾਂ ‘ਚ ਸੁਰੱਖਿਆਤਮਕ ਉਪਕਰਣ ਅਤੇ ਵੈਂਟੀਲੇਟਰ ਤਕ ਨਹੀਂ ਬਚੇ ਹਨ। ਇਥੇ ਤਕ ਕਿ ਡਾਕਟਰ ਅਤੇ ਨਰਸ ਤਕ ਇਸ ਵਾਇਰਸ ਤੋਂ ਪੀੜਤ ਹਨ।
ਪਿਛਲੇ ਹਫਤੇ ਹੀ ਨਿਊਯਾਰਕ ਦੇ ਦੋ ਪ੍ਰਮੁੱਖ ਹਸਪਤਾਲ ਪ੍ਰੇਸਬਿਟੇਰੀਅਨ ਅਤੇ ਮਾਊਂਟ ਸਿਨਾਈ ਨੇ ਲੇਬਰ ਰੂਮ ਅਤੇ ਡਿਲੀਵਰੀ ਰੂਮ ‘ਚ ਸਹਾਇਕ ਵਿਅਕਤੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਕਈ ਗਰਭਵਤੀ ਔਰਤਾਂ ਨੇ ਵਿਰੋਧ ਵੀ ਕੀਤਾ ਸੀ। ਡਰਣ ਵਾਲੀ ਗੱਲ ਇਹ ਵੀ ਹੈ ਕਿ ਵਾਇਰਸ ਤੋਂ ਪੀੜਤ ਅੱਧੇ ਤੋਂ ਜ਼ਿਆਦਾ ਮਾਮਲੇ ਇਕੱਲੇ ਨਿਊਯਾਰਕ ‘ਚ ਹਨ। ਪ੍ਰਦੇਸ਼ ਦੇ ਗਵਰਨਰ ਐਂਡਰਿਊ ਕੁਓਮੋ ਦਾ ਕਹਿਣਾ ਹੈ ਕਿ ਬਾਕੀ ਪ੍ਰਦੇਸ਼ਾਂ ‘ਚ ਵੀ ਹਾਲਾਤ ਭਿਆਨਕ ਹੋ ਸਕਦੇ ਹਨ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਪ੍ਰੈਸ ਕਾਨਫਰੰਸ ‘ਚ ਕਿਹਾ ਹੈ ਕਿ ਅਮਰੀਕਾ ਨੇ ਖਤਰਨਾਕ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਉਸ ਦੇ ਖਿਲਾਫ ਹਰ ਮੋਰਚੇ ‘ਤੇ ਜੰਗ ਛੇੜ ਰੱਖੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ‘ਚ ਮਾਸਕ, ਗਲਵਸ ਵਰਗੇ ਮੈਡੀਕਲ ਸੁਰੱਖਿਆ ਉਪਕਰਣਾਂ ਦੀ ਕੋਈ ਕਮੀ ਨਾ ਹੋਵੇ। ਰਿਪੋਰਟ ਮੁਤਾਬਕ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਕ ਹੀ ਮਾਸਕ ਦਾ ਵਾਰ-ਵਾਰ ਇਸਤੇਮਾਲ ਕਰਣ ਅਤੇ ਲੋੜ ਪੈਣ ‘ਤੇ ਸਕਾਰਫ ਦੀ ਵਰਤੋਂ ਕਰਣ।
ਦੱਸਣਯੋਗ ਹੈ ਕਿ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤਕ ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ‘ਚ 49 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਇਸ ਵਾਇਰਸ ਨਾਲ ਲੜ੍ਹ ਰਹੀ ਹੈ। ਦੂਜੇ ਪਾਸੇ ਭਾਰਤ ‘ਚ ਵੀ ਕੋਰੋਨਾ ਦੀ ਆਫਤ ਵਧਦੀ ਜਾ ਰਹੀ ਹੈ। ਸਰਕਾਰ ਨੇ ਇਸ ਸਮੱਸਿਆ ਤੋਂ ਨਜਿੱਠਣ ਲਈ 21 ਦਿਨ ਦਾ ਲਾਕਡਾਊਨ ਐਲਾਨ ਕਰ ਰੱਖਿਆ ਹੈ।


Share