ਕੋਰੋਨਾਵਾਇਰਸ : ਅਮਰੀਕਾ ‘ਚ ਪੀੜਤਾਂ ਦਾ ਅੰਕੜਾ 12 ਲੱਖ ਦੇ ਕਰੀਬ, 24 ਘੰਟੇ ‘ਚ 1450 ਲੋਕਾਂ ਦੀ ਮੌਤ

875
Share

ਵਾਸ਼ਿੰਗਟਨ, 4 ਮਈ (ਪੰਜਾਬ ਮੇਲ)- ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ। ਦੁਨੀਆ ਭਰ ਵਿਚ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ 35 ਲੱਖ 66 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ। ਜਦਕਿ 2 ਲੱਖ 48 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ 11 ਲੱਖ 54 ਹਜ਼ਾਰ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ। ਦੁਨੀਆ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਅਮਰੀਕਾ ਵਿਚ ਕੋਰੋਨਾਵਾਇਰਸ ਦਾ ਕਹਿਰ ਭਿਆਨਕ ਪੱਧਰ ‘ਤੇ ਹੈ। ਇੱਥੇ ਇਨਫੈਕਸ਼ਨ ਕਾਰਨ ਲਗਾਤਾਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।ਜਾਨ ਹਾਪਕਿਨਜ਼ ਯੂਨੀਵਰਸਿਟੀ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1450 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 68 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਹੁਣ ਤੱਕ 68,598 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਕ ਰਿਪੋਰਟ ਦੇ ਮੁਤਾਬਕ ਐਤਵਾਰ ਸ਼ਾਮ 8:30 ਵਜੇ ਤੱਕ ਅਮਰੀਕਾ ਵਿਚ ਇਨਫੈਕਟਿਡਾਂ ਦੇ 11 ਲੱਖ 50 ਹਜ਼ਾਰ ਤੱਕ ਮਾਮਲੇ ਸਾਹਮਣੇ ਆ ਚੁੱਕੇ ਸਨ। ਤਾਜ਼ਾ ਜਾਣਕਾਰੀ ਮੁਤਾਬਕ ਇਨਫੈਕਟਿਡਾਂ ਦੀ ਕੁੱਲ ਗਿਣਤੀ 1,188,122 ਹੋ ਚੁੱਕੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈਕਿ ਸਾਲ 2020 ਦੇ ਅਖੀਰ ਤੱਕ ਅਮਰੀਕੀ ਕੋਰੋਨਾਵੈਕਸੀਨ ਤਿਆਰ ਕਰ ਲਵੇਗਾ।

ਅਮਰੀਕਾ ਦੇ ਇਲਾਵਾ ਰੂਸ ਵਿਚ ਐਤਵਾਰ ਨੂੰ ਕੋਰੋਨਾ ਦੇ 10,633 ਨਵੇਂ ਮਾਮਲੇ ਸਾਹਮਣੇ ਆਏ। ਇੱਥੇ ਦੱਸ ਦਈਏ ਕਿ ਰੂਸ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ ਅੱਧੇ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਮਾਸਕੋ ਵਿਚ ਹੋਈਆਂ। ਉੱਥੇ ਬ੍ਰਿਟੇਨ ਵਿਚ 315 ਹੋਰ ਲੋਕਾਂ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 28,446 ਹੋ ਗਈ।


Share