ਕੋਰੋਨਾਵਾਇਰਸ: ਅਮਰੀਕਾ ‘ਚ ਐੱਫ.ਡੀ.ਏ. ਨੇ ਐਂਟੀਬਾਡੀ ਟੈਸਟ ਦੀ ਪ੍ਰਵਾਨਗੀ ਲਈ ਵਾਪਸ

762

-ਕਈ ਕੰਪਨੀਆਂ ਦੇ ਦਾਅਵੇ ਝੂਠੇ ਪਾਏ ਜਾਣ ਕਾਰਨ ਫੈਸਲਾ ਵਾਪਸ ਲਿਆ
-ਸਬੂਤ ਦੇਣ ਤੋਂ ਬਾਅਦ ਹੀ ਕੰਪਨੀਆਂ ਨੂੰ ਦਿੱਤੀ ਜਾਵੇਗੀ ਟੈਸਟ ਕਰਨ ਦੀ ਇਜਾਜ਼ਤ
ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਰੋਨਾਵਾਇਰਸ ਬਲੱਡ ਟੈਸਟ ਨੂੰ ਲੈ ਕੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਜਾਂਚ ਦੇ ਬਦਲ ਵਧਾਉਣ ਦੇ ਦਬਾਅ ਵਿਚ ਐੱਫ.ਡੀ.ਏ. ਨੇ ਬਿਨਾਂ ਮਨਜ਼ੂਰੀ ਵਾਲੀਆਂ ਕਈ ਕੰਪਨੀਆਂ ਨੂੰ ਖੂਨ ਤੋਂ ਐਂਟੀਬਾਡੀਜ਼ ਟੈਸਟ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ। ਹੁਣ ਇਸ ਮਾਮਲੇ ਵਿਚ ਕਈ ਕੰਪਨੀਆਂ ਦੇ ਦਾਅਵੇ ਝੂਠੇ ਪਾਏ ਜਾਣ ਕਾਰਨ ਇਹ ਫੈਸਲਾ ਵਾਪਸ ਲਿਆ ਗਿਆ ਹੈ। ਹੁਣ ਏਜੰਸੀ ਦੇ ਸਾਹਮਣੇ ਸਬੂਤ ਦੇਣ ਤੋਂ ਬਾਅਦ ਹੀ ਕੰਪਨੀਆਂ ਨੂੰ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਐੱਫ.ਡੀ.ਏ. ਨੇ ਦੱਸਿਆ ਕਿ ਕਈ ਕੰਪਨੀਆਂ ਨੇ ਜਾਂਚ ਅਤੇ ਉਸ ਦੀ ਪ੍ਰਮਾਣਿਕਤਾ ਨੂੰ ਲੈ ਕੇ ਝੂਠਾ ਦਾਅਵਾ ਕੀਤਾ ਸੀ। ਇਸ ਨੂੰ ਦੇਖਦੇ ਹੋਏ ਸਾਰੀਆਂ ਕੰਪਨੀਆਂ ਨੂੰ ਦਿੱਤੀ ਗਈ ਜਾਂਚ ਦੀ ਇਜਾਜ਼ਤ ਵਾਪਸ ਲੈ ਲਈ ਗਈ ਹੈ।
ਐੱਫ.ਡੀ.ਏ. ਦੇ ਡਿਪਟੀ ਕਮਿਸ਼ਨਰ ਡਾ. ਆਨੰਦ ਸ਼ਾਹ ਨੇ ਕਿਹਾ ਕਿ ਇਹ ਇਜਾਜ਼ਤ ਮੌਜੂਦਾ ਦੌਰ ‘ਚ ਟੈਸਟ ਕਿੱਟ ਦੀ ਉਪਲੱਬਧਤਾ ਵਧਾਉਣ ਲਈ ਜ਼ਰੂਰੀ ਸਹੂਲੀਅਤ ਦੇ ਤੌਰ ‘ਤੇ ਦਿੱਤੀ ਗਈ ਸੀ। ਹਾਲਾਂਕਿ ਸਹੂਲੀਅਤ ਦਾ ਇਹ ਅਰਥ ਨਹੀਂ ਹੈ ਕਿ ਫਰਾਡ ਨੂੰ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਗਲਤ ਗੱਲ ਹੈ ਕਿ ਕਈ ਮਾਮਲਿਆਂ ‘ਚ ਝੂਠੀ ਟੈਸਟ ਕਿੱਟ ਦੀ ਮਾਰਕਟਿੰਗ ਕੀਤੀ ਗਈ ਅਤੇ ਮਹਾਮਾਰੀ ਨੂੰ ਫਾਇਦਾ ਕਮਾਉਣ ਦੇ ਮੌਕੇ ਦੇ ਰੂਪ ਵਿਚ ਦੇਖਿਆ ਗਿਆ।