ਕੋਰੋਨਾਵਾਇਰਸ: ਅਗਲੇ ਸਾਲ ਹੀ ਸਥਿਤੀ ਆਮ ਹੋਣ ਦੀ ਉਮੀਦ : ਡਾ. ਫਾਊਚੀ

626
Share

ਵਾਸ਼ਿੰਗਟਨ, 26 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਪ੍ਰਮੁੱਖ ਅਤੇ ਸੀਨੀਅਰ ਸਿਹਤ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਕਿਹਾ ਕਿ ਸਾਨੂੰ ਸਥਿਤੀ ਆਮ ਹੋਣ ਦੀ ਉਮੀਦ ਅਗਲੇ ਸਾਲ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਅਸਲ ‘ਚ ਸਥਿਤੀ ਆਮ ਹੋਣ ਦੀ ਗੱਲ ਅਗਲੇ ਸਾਲ 2021 ‘ਚ ਹੀ ਕਰਨੀ ਚਾਹੀਦੀ ਹੈ। ਡਾਕਟਰ ਫਾਊਚੀ ਨੇ ਕਿਹਾ ਕਿ ਇਸ ਸਾਲ ਦੇ ਆਖਿਰ ਤੱਕ ਅਮਰੀਕਾ ‘ਚ ਕੋਰੋਨਾਵਾਇਰਸ ਦੀ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਉਪਲੱਬਧ ਹੋਵੇਗੀ ਪਰ ਇਸ ਨੂੰ ਪੂਰੀ ਦੁਨੀਆਂ ‘ਚ ਪਹੁੰਚਣ ਵਿਚ ਕਈ ਹੋਰ ਮਹੀਨੇ ਲੱਗ ਜਾਣਗੇ। ਦੂਜੇ ਪਾਸੇ ਅਮਰੀਕਾ ‘ਚ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ, ਹਾਲਾਂਕਿ ਉਥੇ ਮੌਤਾਂ ਦਾ ਅੰਕੜਾ ਪਹਿਲਾਂ ਨਾਲੋਂ ਘੱਟ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਡਾਕਟਰ ਫਾਊਚੀ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ, ਜਿਹੜੇ ਕਿ ਟਰੰਪ ਪ੍ਰਸ਼ਾਸਨ ਨੂੰ ਪਸੰਦ ਨਹੀਂ ਆਏ। ਜਿਵੇਂ ਡਾ. ਫਾਊਚੀ ਨੇ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਸੀ ਪਰ ਟਰੰਪ ਪ੍ਰਸ਼ਾਸਨ ਪਹਿਲਾਂ ਤਾਂ ਇਸ ਨੂੰ ਨਕਾਰਦਾ ਰਿਹਾ ਪਰ ਫਿਰ ਰਾਸ਼ਟਰਪਤੀ ਡੋਨਾਲਡ ਟਰੰਪ ਕੁਝ ਦਿਨ ਪਹਿਲਾਂ ਮਾਸਕ ਪਾਈ ਨਜ਼ਰ ਆਏ ਅਤੇ ਫਿਰ ਲੋਕਾਂ ਨੂੰ ਵੀ ਮਾਸਕ ਪਾਉਣ ਦਾ ਸੁਝਾਅ ਦਿੱਤਾ। ਉਥੇ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 4,278,067 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 148,967 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,036,752 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Share