ਕੋਟਕਪੂਰਾ-ਬਹਿਬਲ ਗੋਲੀਕਾਂਡ: ਮਿੱਥੇ ਸਮੇਂ ’ਚ ਮੁਕੰਮਲ ਨਹੀਂ ਹੋ ਸਕੇਗੀ ਜਾਂਚ

342
Share

-ਹਾਈਕੋਰਟ ਨੇ ਸੁਮੇਧ ਸੈਣੀ ਖਿਲਾਫ ਫਰਵਰੀ 2022 ਤੱਕ ਪੜਤਾਲ ਤੇ ਗਿ੍ਰਫ਼ਤਾਰ ਕਰਨ ’ਤੇ ਲਾਈ ਰੋਕ
– ਫਰਵਰੀ 2022 ਤੱਕ ਚਲਾਨ ਪੇਸ਼ ਨਹੀਂ ਕਰ ਸਕੇਗੀ ਜਾਂਚ ਟੀਮ
ਫ਼ਰੀਦਕੋਟ, 12 ਸਤੰਬਰ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖ਼ਿਲਾਫ਼ ਫਰਵਰੀ 2022 ਤੱਕ ਪੜਤਾਲ ਤੇ ਗਿ੍ਰਫ਼ਤਾਰ ਕਰਨ ’ਤੇ ਰੋਕ ਲਾਉਣ ਦੇ ਹੁਕਮ ਆਉਣ ਮਗਰੋਂ ਸਪੱਸ਼ਟ ਹੋ ਗਿਆ ਹੈ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਮਾਮਲੇ ਦੀ ਪੜਤਾਲ ਮਿੱਥੇ ਸਮੇਂ ਵਿਚ ਮੁਕੰਮਲ ਨਹੀਂ ਹੋ ਸਕੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਬੀਰ ਸ਼ੇਰਾਵਤ ਨੇ ਆਪਣੇ 9 ਅਪ੍ਰੈਲ 2021 ਦੇ ਇੱਕ ਫੈਸਲੇ ’ਚ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ 6 ਮਹੀਨਿਆਂ ਵਿਚ ਮੁਕੰਮਲ ਕਰਕੇ ਇਸ ਦੀ ਰਿਪੋਰਟ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਹਾਈ ਕੋਰਟ ਦੇ ਹੁਕਮ ਮੁਤਾਬਕ ਪੰਜਾਬ ਸਰਕਾਰ ਨੇ 7 ਮਈ 2021 ਨੂੰ ਐੱਲ.ਕੇ. ਯਾਦਵ ਦੀ ਅਗਵਾਈ ਹੇਠ ਨਵੀਂ ਜਾਂਚ ਟੀਮ ਬਣਾਈ ਸੀ ਤੇ ਇਸ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ 6 ਨਵੰਬਰ 2021 ਤੱਕ ਮੁਕੰਮਲ ਕਰਨੀ ਸੀ, ਪਰ ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਮਿਲੀ ਸੁਰੱਖਿਆ ਕਾਰਨ ਉਹ ਫਰਵਰੀ 2022 ਤੱਕ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਸੁਮੇਧ ਸੈਣੀ ਕੋਟਕਪੂਰਾ ਗੋਲੀ ਕਾਂਡ ’ਚ ਮੁਲਜ਼ਮ ਵਜੋਂ ਨਾਮਜ਼ਦ ਹਨ। ਜਾਂਚ ਟੀਮ ਸੁਮੇਧ ਸੈਣੀ ਦੀ ਆਵਾਜ਼ ਦੇ ਨਮੂਨੇ ਲੈਣ ਲਈ ਨੋਟਿਸ ਵੀ ਭੇਜ ਚੁੱਕੀ ਹੈ ਪਰ ਉਹ ਜਾਂਚ ਟੀਮ ਦੀ ਹਦਾਇਤ ਦੇ ਬਾਵਜੂਦ ਫੋਰੈਂਸਿਕ ਲੈਬ ਨਵੀਂ ਦਿੱਲੀ ’ਚ ਹਾਜ਼ਰ ਨਹੀਂ ਹੋਏ।
ਸੁਮੇਧ ਸੈਣੀ ਨੂੰ ਦੇਸ਼ ਛੱਡਣ ਤੋਂ ਪਹਿਲਾਂ ਅਦਾਲਤ ਦੀ ਮਨਜ਼ੂਰੀ ਲੈਣ ਲਈ ਕਿਹਾ ਗਿਆ ਹੈ। ਸੈਣੀ ਖ਼ਿਲਾਫ਼ ਅੰਡਰ ਟ੍ਰਾਇਲ ਮਾਮਲਿਆਂ ’ਚ ਵੀ ਅਦਾਲਤ ਫਰਵਰੀ, 2022 ਤੋਂ ਪਹਿਲਾਂ ਕੋਈ ਆਰਡਰ ਪਾਸ ਨਹੀਂ ਕਰੇਗੀ।
ਹਾਈਕੋਰਟ ਨੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ ਕਿ ਸੈਣੀ ਖ਼ਿਲਾਫ਼ ਦਰਜ ਹਰੇਕ ਮਾਮਲੇ ’ਚ ਜਾਂਚ ’ਤੇ ਵੀ ਫਰਵਰੀ, 2022 ਤੱਕ ਰੋਕ ਰਹੇਗੀ ਅਤੇ ਦਰਜ ਸਾਰੇ ਮਾਮਲਿਆਂ ਵਿਚ ਉਨ੍ਹਾਂ ਨੂੰ ਕੋਰਟ ਵਿਚ ਖ਼ੁਦ ਪੇਸ਼ ਨਾ ਹੋਣ ਦੀ ਛੋਟ ਵੀ ਰਹੇਗੀ।
ਸਿਰਫ ਐੱਫ.ਆਈ.ਆਰ. ਨੰਬਰ 77 ’ਚ ਇਹ ਹੁਕਮ ਲਾਗੂ ਨਹੀਂ ਹੋਣਗੇ ਕਿਉਂਕਿ ਉਹ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ।¿;
ਜ਼ਿਕਰਯੋਗ ਹੈ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਬਦਲਣ ਤੋਂ ਬਾਅਦ ਨਵੀਂ ਗਠਿਤ ਕੀਤੀ ਗਈ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਤੇ ਇਹ ਪੜਤਾਲ ਹੁਣ ਆਪਣੇ ਆਖਰੀ ਪੜਾਅ ’ਤੇ ਹੈ। ਜਾਂਚ ਮੁਕੰਮਲ ਕਰਨ ਤੋਂ ਪਹਿਲਾਂ ਟੀਮ ਪੁਲਿਸ ਅਧਿਕਾਰੀਆਂ ਦੀ ਆਵਾਜ਼ ਦੇ ਨਮੂਨੇ ਹਾਸਲ ਕਰਨਾ ਚਾਹੁੰਦੀ ਸੀ, ਪਰ 6 ਸਤੰਬਰ ਨੂੰ ਕੋਈ ਵੀ ਪੁਲਿਸ ਅਧਿਕਾਰੀ ਫੋਰੈਂਸਿਕ ਲੈਬ ਵਿਚ ਹਾਜ਼ਰ ਨਹੀਂ ਹੋਇਆ ਤੇ ਹੁਣ ਜਾਂਚ ਟੀਮ ਸੁਮੇਧ ਸੈਣੀ ਨੂੰ ਫੋਰੈਂਸਿਕ ਲੈਬ ਵਿਚ ਹਾਜ਼ਰ ਹੋਣ ਲਈ ਮਜਬੂਰ ਨਹੀਂ ਕਰ ਸਕਦੀ।¿;
ਜਾਂਚ ਟੀਮ ਹੁਣ ਸੁਮੇਧ ਸੈਣੀ ਖ਼ਿਲਾਫ਼ ਫਰਵਰੀ 2022 ਤੱਕ ਚਲਾਨ ਪੇਸ਼ ਨਹੀਂ ਕਰ ਸਕੇਗੀ। ਹਾਲਾਂਕਿ ਪੰਜਾਬ ਸਰਕਾਰ ਕੋਲ ਹਾਈ ਕੋਰਟ ਕੋਰਟ ਦੇ ਫੈਸਲੇ ਖ਼ਿਲਾਫ਼ ਡਬਲ ਬੈਂਚ ਜਾਂ ਸੁਪਰੀਮ ਕੋਰਟ ਪਹੁੰਚ ਕਰਨ ਦਾ ਰਾਹ ਖੁੱਲ੍ਹਾ ਹੈ, ਪਰ ਹਾਲ ਦੀ ਘੜੀ ਜਾਂਚ ਟੀਮ ਕੋਟਕਪੂਰਾ ਗੋਲੀ ਕਾਂਡ ਵਿਚ ਪੜਤਾਲ ਮੁਕੰਮਲ ਕਰਨ ’ਚ ਅਸਮਰੱਥ ਹੈ। ਸੂਤਰਾਂ ਅਨੁਸਾਰ ਸੁਮੇਧ ਸੈਣੀ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਖ਼ਿਲਾਫ਼ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਪੰਜਾਬ ਸਰਕਾਰ ’ਤੇ ਸੁਮੇਧ ਸੈਣੀ ਖ਼ਿਲਾਫ਼ ਕਾਰਵਾਈ ਲਈ ਵੱਡਾ ਦਬਾਅ ਬਣਿਆ ਹੋਇਆ ਹੈ।

Share