ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

121
Share

ਚੰਡੀਗੜ੍ਹ, 7 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਲਈ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ’ਤੇ ਆਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਨੂੰ ਤਰਜੀਹੀ ਆਧਾਰ ’ਤੇ 6 ਮਹੀਨਿਆਂ ’ਚ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਗਠਿਤ ਐੱਸ.ਆਈ.ਟੀ. ਵਿਚ ਏ.ਡੀਜੀਪੀ/ਵਿਜੀਲੈਂਸ ਬਿਊਰੋ ਐੱਲ.ਕੇ. ਯਾਦਵ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀ.ਆਈ.ਜੀ. ਫਰੀਦਕੋਟ ਰੇਂਜ ਸੁਰਜੀਤ ਸਿੰਘ ਸ਼ਾਮਲ ਹਨ, ਜੋ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ’ਚ ਦਰਜ ਦੋ ਐੱਫ.ਆਈ.ਆਰਜ਼ (ਮਿਤੀ 14 ਅਕਤੂਬਰ 2015 ਅਤੇ 7 ਅਗਸਤ, 2018) ਦੀ ਜਾਂਚ ਕਰਨਗੇ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਐੱਸ.ਆਈ.ਟੀ. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਏਗੀ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਜਾਂਚ ਵਿਚ ਕੋਈ ਵੀ ਅੰਦਰੂਨੀ ਜਾਂ ਬਾਹਰੀ ਤੌਰ ’ਤੇ ਦਖ਼ਲ ਨਹੀਂ ਦਿੱਤਾ ਜਾਣਾ ਚਾਹੀਦਾ। ਆਦੇਸ਼ ਵਿਚ ਅੱਗੇ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਐੱਸ.ਆਈ.ਟੀ. ਜਾਂਚ ਸਬੰਧੀ ਸੂਬੇ ਦੀ ਕਿਸੇ ਵੀ ਕਾਰਜਕਾਰੀ ਜਾਂ ਪੁਲਿਸ ਅਥਾਰਿਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਸਿਰਫ਼ ਸਬੰਧਤ ਮੈਜਿਸਟਰੇਟ ਨੂੰ ਹੀ ਰਿਪੋਰਟ ਕਰੇਗੀ।

Share